ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/127

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਮਾਰ ਧਾੜ ਦੀਆਂ ਖ਼ਬਰਾਂ ਨੇ ਅਕਬਰ ਦੇ ਗੁੱਸੇ ਦਾ ਪਾਰਾ ਚਾੜ੍ਹ ਦਿੱਤਾ। ਅਕਬਰ ਨੇ ਉਹਨਾਂ ਦੋਨਾਂ ਦੀਆਂ ਮੁਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ। ਮੁਗ਼ਲ ਫ਼ੌਜਾਂ ਨੇ ਫ਼ਰੀਦ ਤੇ ਉਹਦੇ ਬਾਪ ਨੂੰ ਜਾ ਫੜਿਆ ਤੇ ਅਕਬਰ ਦੇ ਦਰਬਾਰ ਵਿੱਚ ਪੇਸ਼ ਕਰ ਦਿੱਤਾ। ਅਕਬਰ ਨੇ ਅੱਗੋਂ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਉਹਨਾਂ ਦੇ ਸਿਰ ਕਲਮ ਕਰਕੇ ਲਾਸ਼ਾਂ ਵਿੱਚ ਫੂਸ ਭਰ ਕੇ ਸ਼ਹਿਰ ਦੇ ਮੁੱਖ ਦੁਆਰ ਤੇ ਪੁੱਠੀਆਂ ਲਟਕਾਉਣ ਦਾ ਹੁਕਮ ਦੇ ਦਿੱਤਾ..... ਫ਼ਰੀਦ ਅਤੇ ਉਸ ਦਾ ਬਾਪ ਬੜ੍ਹਕਾਂ ਮਾਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ।

ਫ਼ਰੀਦ ਦੀ ਸ਼ਹਾਦਤ ਸਮੇਂ ਉਹਦੀ ਪਤਨੀ ਲੱਧੀ ਪੰਜ ਮਹੀਨੇ ਦੀ ਗਰਭਵਤੀ ਸੀ। ਫ਼ਰੀਦ ਦੀ ਮੌਤ ਤੋਂ ਚਾਰ ਮਹੀਨੇ ਪਿੱਛੋਂ ਦੁੱਲੇ ਦਾ ਜਨਮ ਹੋਇਆ। ਉਸ ਦੀ ਦਾਦੀ ਅਤੇ ਮਾਂ ਉਹਦੇ ਚਿਹਰੇ ਨੂੰ ਵੇਖ ਕੇ ਨੂਰੋ ਨੂਰ ਹੋ ਗਈਆਂ। ਇਕ ਅਨੋਖਾ ਜਲਾਲ ਉਹਦੇ ਮੱਥੇ ਤੇ ਟਪਕ ਰਿਹਾ ਸੀ। ਦਾਦੀ ਦੁੱਲੇ ਤੋਂ ਮੁਹਰਾਂ ਵਾਰ-ਵਾਰ ਵੰਡ ਰਹੀ ਸੀ। ਖ਼ੁਸ਼ੀ ਸਾਂਭਿਆਂ ਸੰਭਾਲੀ ਨਹੀਂ ਸੀ ਜਾਂਦੀ। ਇਕ ਆਸ, ਇਕ ਸੁਪਨਾ ਉਹਨਾਂ ਦੇ ਸਾਹਮਣੇ ਸਾਕਾਰ ਹੁੰਦਾ ਨਜ਼ਰੀਂ ਆ ਰਿਹਾ ਸੀ।

ਕੁਦਰਤ ਦੀ ਹੋਣੀ ਵੇਖੋ ਐਨ ਓਸੇ ਦਿਨ ਅਕਬਰ ਦੇ ਘਰ ਵੀ ਪੁੱਤ ਜੰਮਿਆ। ਉਹਦਾ ਨਾਂ ਉਹਨੇ ਸ਼ੇਖੂ ਰੱਖਿਆ ਜੋ ਵੱਡਾ ਹੋ ਕੇ ਜਹਾਂਗੀਰ ਬਾਦਸ਼ਾਹ ਬਣਿਆਂ। ਅਕਬਰ ਨੇ ਨਜੂਮੀਆਂ ਨੂੰ ਆਖਿਆ, "ਕੋਈ ਐਸਾ ਉਪਾਓ ਦੱਸੋ ਜਿਸ ਨਾਲ਼ ਸ਼ੇਖੂ ਸੂਰਬੀਰ, ਬਲਵਾਨ ਤੇ ਇਨਸਾਫ਼ਪਸੰਦ ਵਿਅਕਤੀ ਬਣੇ।"

ਇਕ ਨਜੂਮੀ ਨੇ ਆਖਿਆ, "ਬਾਦਸ਼ਾਹ ਸਲਾਮਤ ਆਪਣੇ ਰਾਜ ਦੀ ਅਜਿਹੀ ਬਹਾਦਰ, ਸਿਹਤਮੰਦ ਰਾਜਪੂਤ ਔਰਤ ਦਾ ਦੁੱਧ ਸ਼ੇਖੂ ਨੂੰ ਚੁੰਘਾਇਆ ਜਾਵੇ ਜਿਸ ਨੇ ਸ਼ੇਖੂ ਦੇ ਜਨਮ ਵਾਲੇ ਦਿਨ ਹੀ ਪੁੱਤਰ ਨੂੰ ਜਨਮ ਦਿੱਤਾ ਹੋਵੇ।"

ਅਜਿਹੀ ਸੂਰਬੀਰ ਮਾਂ ਦੀ ਭਾਲ਼ ਲਈ ਸਾਰੇ ਰਾਜ ਵਿੱਚ ਏਲਚੀ ਭੇਜੇ ਗਏ। ਕਿਸੇ ਲੱਧੀ ਬਾਰੇ ਜਾ ਆਖਿਆ ਕਿ ਉਸ ਨੇ ਪੁੱਤ ਨੂੰ ਜਨਮ ਦਿੱਤਾ ਹੈ।

ਲੱਧੀ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਬੁਲਾਇਆ ਗਿਆ। ਬਾਦਸ਼ਾਹ ਦਾ ਹੁਕਮ ਕਿਵੇਂ ਟਾਲ਼ਦੀ..... ਸ਼ੇਖੂ ਨੂੰ ਪਾਲਣ ਦੀ ਜ਼ੁੰਮੇਂਵਾਰੀ ਉਹਨੇ ਲੈ ਲਈ। ਮੁਗ਼ਲ ਸਰਕਾਰ ਵੱਲੋਂ ਲੱਧੀ ਦੇ ਪਿੰਡ ਹੀ ਅਨੇਕਾਂ ਸੁਖ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ। ਦੁੱਲਾ ਤੇ ਸ਼ੇਖੂ ਦੋਨੇਂ ਕੱਠੇ ਪਲਣ ਲੱਗੇ-ਦੋਨੋਂ ਲੱਧੀ ਦਾ ਸੀਰ ਚੁੰਘਦੇ। ਦੋਹਾਂ ਨੂੰ ਉਹ ਇੱਕੋ ਜਿਹਾ ਪਿਆਰ ਦੇਂਦੀ, ਲਾਡ ਲਡਾਉਂਦੀ। ਸਮਾਂ ਆਪਣੀ ਤੋਰੇ ਤੁਰਦਾ ਰਿਹਾ। ਬਾਰਾਂ ਵਰ੍ਹੇ ਇੰਜ ਹੀ ਬੀਤ ਗਏ.......ਸ਼ੇਖੂ ਨੇ ਆਪਣੇ ਬਾਪ ਕੋਲ ਆਖ਼ਰ ਜਾਣਾ ਹੀ ਸੀ। ਅਕਬਰ ਨੇ ਦੁੱਲੇ ਤੇ ਸ਼ੇਖੂ ਦੀ ਪ੍ਰੀਖਿਆ ਲਈ..... ਘੋੜ ਸਵਾਰੀ, ਨੇਜ਼ਾਬਾਜ਼ੀ ਤੇ ਤੀਰਅੰਦਾਜ਼ੀ ਵਿੱਚ ਦੁੱਲਾ ਸ਼ੇਖੂ ਨੂੰ ਮਾਤ ਦੇ ਗਿਆ .....

ਅਕਬਰ ਨੇ ਸੋਚਿਆ ਕਿਤੇ ਲੱਧੀ ਨੇ ਦੁੱਧ ਚੁੰਘਾਉਣ ’ਚ ਵਿਤਕਰਾ ਨਾ ਕੀਤਾ ਹੋਵੇ.....

ਲੱਧੀ ਨੇ ਅਕਬਰ ਦੇ ਚਿਹਰੇ ਦੇ ਹਾਵ ਭਾਵ ਵੇਖ ਕੇ ਆਖਿਆ, "ਹਜ਼ੂਰ ਮੈਂ ਤਾਂ

125/ਮਹਿਕ ਪੰਜਾਬ ਦੀ