ਤੈਨੂੰ ਰਤੀ ਹਯਾ ਨਾ ਆਂਵਦਾ ਏ।
ਤੇਰੇ ਬਾਪ ਦਾਦੇ ਦੀਆਂ ਸ਼ਾਹ ਅਕਬਰ
ਖੱਲਾਂ ਪੁੱਠੀਆਂ ਚਾ ਲੁਹਾਂਵਦਾ ਏ
ਖੱਲ ਭੋਹ ਦੇ ਨਾਲ਼ ਭਰਾਇਕੇ ਤੇ
ਉੱਚੇ ਬੁਰਜ ਤੇ ਚਾ ਲਟਕਾਂਵਦਾ ਏ
ਅੱਜ ਤੀਕ ਲਾਹੌਰ ਵਿੱਚ ਲਟਕ ਰਹੀਆਂ
ਉੱਥੇ ਜ਼ੋਰ ਨਾ ਕਾਸ ਨੂੰ ਜਾਂਵਦਾ ਏ। (ਕਿਸ਼ਨ ਸਿੰਘ ਆਰਫ਼)
ਨੰਦੀ ਮਿਰਾਸਣ ਦੇ ਮਿਹਣੇ ਨਾਲ਼ ਦੁੱਲਾ ਝੰਜੋੜਿਆ ਗਿਆ। ਰਾਜਪੂਤੀ ਖੂਨ ਉਹਦੀਆਂ ਰਗਾਂ 'ਚ ਉਬਾਲੇ ਖਾਣ ਲੱਗਾ। ਉਹ ਸਿੱਧਾ ਆਪਣੀ ਮਾਂ ਲੱਧੀ ਕੋਲ਼ ਜਾ ਕੇ ਗਰਜਿਆ, "ਮਾਂ ਮੇਰੀਏ ਸੱਚੋ ਸੱਚ ਦੱਸ ਮੇਰੇ ਬਾਪ ਤੇ ਦਾਦੇ ਦੀ ਮੌਤ ਕਿਵੇਂ ਹੋਈ ਐ.....?"
ਦੁੱਲੇ ਦੀਆਂ ਅੱਖਾਂ ਅੰਗਿਆਰ ਵਰ੍ਹਾ ਰਹੀਆਂ ਸਨ। ਉਹਦੇ ਪੈਰਾਂ ਥੱਲੇ ਅੱਗ ਮਚ ਰਹੀ ਸੀ।
ਲੱਧੀ ਨੇ ਸਾਰੀ ਹੋਈ ਬੀਤੀ ਦੱਸ ਕੇ, ਆਪਣੇ ਘਰ ਦੀ ਅੰਦਰਲੀ ਕੋਠੜੀ ਦਾ ਬੂਹਾ ਖੋਲ੍ਹ ਕੇ ਦੁੱਲੇ ਨੂੰ ਕਿਹਾ, "ਸੂਰਮਿਆਂ ਪੁੱਤਾ ਮੈਂ ਏਸੇ ਦਿਨ ਦੀ ਉਡੀਕ ਕਰਦੀ ਸੀ-ਕਦੋਂ ਮੇਰਾ ਪੁੱਤ ਹੋਇਆ ਗੱਭਰੂ ਆਪਣੇ ਬਾਪ ਦਾਦੇ ਦੀ ਮੌਤ ਦਾ ਬਦਲਾ ਲੈਣ ਜੋਗਾ। ਇਹ ਹਥਿਆਰ ਤੇਰੇ ਸੂਰਮੇ ਬਾਪ ਦੇ ਨੇ.... ਅਣਖ ਨੂੰ ਪਾਲੀਂ ਤੇ ਆਪਣੇ ਬਾਪ ਦੇ ਖ਼ੂਨ ਦੀ ਲਾਜ ਰੱਖੀਂ ਜੀਹਨੇ ਕਿਸੇ ਨਾਢੂ ਖਾਨ ਦੀ ਟੈਂ ਨਹੀਂ ਸੀ ਮੰਨੀ! ਕਿਸੇ ਅੱਗੇ ਸਿਰ ਨਹੀਂ ਸੀ ਝੁਕਾਇਆ।"
ਲਿਸ਼-ਲਿਸ਼ ਕਰਦੇ ਹਥਿਆਰ-ਛਭੀਆਂ, ਗੰਡਾਸੇ, ਨੇਜ਼ੇ, ਟਕੂਏ ਤੇ ਤੀਰ ਕਮਾਣ ਤੇ ਇਕ ਨਗਾਰਾ ਵੇਖ ਦੁੱਲੇ ਦਾ ਚਿਹਰਾ ਲਾਲ ਸੂਹਾ ਹੋ ਗਿਆ......ਅਨੋਖੀਆਂ ਤਰਬਾਂ ਨੇ ਉਹਦੇ ਸਰੀਰ 'ਚ ਝਰਨਾਟਾਂ ਛੇੜ ਦਿੱਤੀਆਂ। ਸਰੀਰ ਭਾਫ਼ਾਂ ਛੱਡਣ ਲੱਗਾ.....ਨਗਾਰੇ ਤੇ ਡੱਗਾ ਮਾਰਿਆ.....ਨਗਾਰੇ ਦੀ ਧਮਕ ਲਾਹੌਰ ਦੇ ਸ਼ਾਹੀ ਮਹਿਲਾਂ ਨਾਲ਼ ਜਾ ਟਕਰਾਈ ਜੋ ਬਗ਼ਾਵਤ ਦੀ ਸੂਚਕ ਸੀ।
ਦੁੱਲੇ ਨੇ ਪਿੰਡ ਦੇ ਸਾਰੇ ਜਵਾਨ ਕੱਠੇ ਕੀਤੇ ਤੇ ਸਾਰੇ ਹਥਿਆਰ ਉਹਨਾਂ ਵਿੱਚ ਵੰਡ ਦਿੱਤੇ। ਉਹਨੇ ਆਪਣੇ ਮਨ ਨਾਲ਼ ਮੁਗਲਾਂ ਵਿਰੁੱਧ ਬਗ਼ਾਵਤ ਕਰਨ ਦਾ ਫ਼ੈਸਲਾ ਕਰ ਲਿਆ। ਹੌਲੇ-ਹੌਲੇ ਪੰਜ ਸੌ ਜਵਾਨ ਉਹਦੇ ਨਾਲ਼ ਆ ਜੁੜੇ। ਸਾਂਦਲ ਬਾਰ ਦੇ ਇਲਾਕੇ ਵਿੱਚ ਉਹਨਾਂ ਥਰਥੱਲੀ ਮਚਾ ਦਿੱਤੀ। ਜਿਹੜਾ ਵੀ ਜਾਵਰ ਉਧਰੋਂ ਲੰਘਦਾ ਉਹਨੂੰ ਉਹ ਲੁੱਟ ਲੈਂਦੇ ਤੇ ਲੁੱਟ ਦਾ ਮਾਲ ਗ਼ਰੀਬਾਂ ਵਿੱਚ ਵੰਡ ਦੇਂਦੇ.... ਦੁੱਲੇ ਦੀ ਬਹਾਦਰੀ, ਨਿਡਰਤਾ, ਦਿਆਲਤਾ ਅਤੇ ਗ਼ਰੀਬ ਪਰਵਰੀ ਦੀ ਖ਼ੁਸ਼ਬੋ ਦੂਰ-ਦੂਰ ਤਕ ਫੈਲ ਰਹੀ ਸੀ। ਉਹ ਬੜੀ ਨਿਡਰਤਾ ਨਾਲ਼ ਸਾਂਦਲ ਬਾਰ ਵਿੱਚ ਘੁੰਮ ਰਿਹਾ ਸੀ.... ਉਸ ਦੀ ਬਹਾਦਰੀ ਦੇ ਨਿੱਤ ਨਵੇਂ ਕਿੱਸੇ ਸੁਨਣ ਨੂੰ ਮਿਲਦੇ .... ਸਾਰਾ ਇਲਾਕਾ ਉਸ 'ਤੇ ਮਾਣ ਕਰ ਰਿਹਾ ਸੀ।
127/ਮਹਿਕ ਪੰਜਾਬ ਦੀ