ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/13

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕੀਤੇ ਗਏ ਹਨ। ਮੈਂ ਮਹਿਸੂਸ ਕਰਦਾ ਹਾਂ ਕਿ ਇਹ ਕੰਮ ਪੰਜਾਬ ਦੀਆਂ ਵਿਰਸੇ ਨੂੰ ਸੰਭਾਲਣ ਲਈ ਬਣੀਆਂ ਸੰਸਥਾਵਾਂ ਦੇ ਕਰਨ ਵਾਲ਼ੇ ਸਨ ਪਰ ਇਹ ਕੰਮ ਇਕ ਵਿਅਕਤੀ ਨੂੰ ਆਪਣੇ ਨਿੱਜੀ ਸਾਧਨਾਂ ਅਤੇ ਸ਼ਕਤੀ ਨਾਲ਼ ਕਰਨਾ ਪੈ ਰਿਹਾ ਹੈ। ਮੈਨੂੰ ਇਸ ਤਰ੍ਹਾਂ ਉਹ ਡਾ. ਵਣਜਾਰਾ ਬੇਦੀ ਦਾ ਵਾਰਿਸ ਜਾਪਦਾ ਹੈ ਜਿਸ ਨੇ ਆਪਣੀ ਜੀਵਨ ਤੋਰ ਨੂੰ ਲੋਕ ਸਾਹਿਤ ਦੇ ਮਾਣਕ ਮੋਤੀ ਲੱਭਣ ਲਈ ਸਮਰਪਿਤ ਕੀਤਾ ਹੋਇਆ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਉਨ੍ਹਾਂ ਦੀਆਂ ਪੁਸਤਕਾਂ "ਬਾਤਾਂ ਦੇਸ ਪੰਜਾਬ ਦੀਆਂ’, ‘ਖੰਡ ਮਿਸ਼ਰੀ ਦੀਆਂ ਡਲੀਆਂ’, ‘ਲੋਕ ਗੀਤਾਂ ਦੀ ਸਮਾਜਿਕ ਵਿਆਖਿਆ' ਅਤੇ ‘ਨੈਣੀਂ ਨੀਂਦ ਨਾ ਆਵੇ' ਨੂੰ ਵੀ ਪੜ੍ਹਿਆ ਹੋਇਆ ਹੈ। ਇਹ ਪੁਸਤਕਾਂ ਪੜ੍ਹ ਕੇ ਮੇਰੇ ਮਨ ਵਿੱਚ ਇਹ ਵਿਚਾਰ ਪ੍ਰਬਲ ਹੋ ਰਿਹਾ ਸੀ ਕਿ ਸੁਖਦੇਵ ਮਾਦਪੁਰੀ ਵਰਗੇ ਲੋਕ ਹੀ ਧਰਤੀ ਹੇਠਲੇ ਬੌਲਦ ਹੁੰਦੇ ਹਨ ਜੋ ਧਰਤੀ ਦੇ ਭਾਰ ਨੂੰ ਆਪਣੇ ਸਿੰਗਾਂ ਤੇ ਚੁੱਕ ਕੇ ਅਡੋਲ ਖੜ੍ਹੇ ਰਹਿੰਦੇ ਹਨ।

ਮੈਂ ਇਸ ਪੁਸਤਕ ਦੇ ਪ੍ਰਕਾਸ਼ਨ ਤੇ ਜਿੱਥੇ ਸੁਖਦੇਵ ਮਾਦਪੁਰੀ ਜੀ ਨੂੰ ਮੁਬਾਰਕ ਦਿੰਦਾ ਹਾਂ ਉੱਥੇ ਇਸ ਦੇ ਪ੍ਰਕਾਸ਼ਕਾਂ ਨੂੰ ਵੀ ਵਧਾਈ ਦੇਣੀ ਬਣਦੀ ਹੈ ਜਿਨ੍ਹਾਂ ਨੇ ਇਤਿਹਾਸਕ ਮਹੱਤਵ ਵਾਲੀ ਰਚਨਾ ਦਾ ਪ੍ਰਕਾਸ਼ਨ ਕਰਕੇ ਭਵਿੱਖ ਪੀੜ੍ਹੀਆਂ ਲਈ ਅਣਮੋਲ ਖ਼ਜ਼ਾਨਾ ਇਕ ਜਿਲਦ ਵਿੱਚ ਸੰਭਾਲ ਦਿੱਤਾ ਹੈ।

——ਕ੍ਰਿਪਾਲ ਸਿੰਘ ਔਲਖ

ਉਪ ਕੁਲਪਤੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

11/ਮਹਿਕ ਪੰਜਾਬ ਦੀ