ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/130

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁੱਲੇ ਦੇ ਬਾਪ ਦੀ ਮੌਤ ਦੇ ਅਵਸਰ ਤੇ ਲੱਧੀ ਦੇ ਭਰਾਵਾਂ ਨੇ ਉਸ ਦੀ ਕੋਈ ਸਾਰ ਨਹੀਂ ਸੀ ਲਈ। ਇਸ ਕਰਕੇ ਉਹਨੂੰ ਆਪਣੇ ਨਾਨਕਿਆਂ ਤੇ ਰੋਸ ਸੀ। ਇਸੇ ਰੋਹ ਕਾਰਨ ਉਹਨੇ ਪਹਿਲਾ ਹੱਲਾ ਆਪਣੇ ਨਾਨਕਿਆਂ ਦੇ ਪਿੰਡ ਚੰਦੜਾਂ ਤੇ ਬੋਲਿਆ.... ਤੇ ਨਾਨਕਿਆਂ ਦਾ ਵਗ ਘੇਰ ਕੇ ਆਪਣੇ ਪਿੰਡ ਲੈ ਆਇਆ ਤੇ ਲਵੇਰੀਆਂ ਗ਼ਰੀਬ ਗੁਰਬਿਆਂ ਤੇ ਲੋੜਬੰਦਾਂ ’ਚ ਵੰਡ ਦਿੱਤੀਆਂ।

ਇਕ ਵਾਰ ਅਲੀ ਨਾਂ ਦਾ ਸੁਦਾਗਰ ਪੰਜ ਸੌ ਘੋੜੇ ਖ਼ਰੀਦ ਕੇ ਲਈ ਜਾ ਰਿਹਾ ਸੀ.....ਉਹਨੂੰ ਰਾਤ ਪਿੰਡੀ ਕੱਟਣੀ ਪੈ ਗਈ। ਦੁੱਲੇ ਨੇ ਉਹਦੇ ਘੋੜੇ ਲੁੱਟ ਕੇ ਆਪਣੇ ਸਾਥੀਆਂ ਵਿੱਚ ਵੰਡ ਦਿੱਤੇ। ਅਲੀ ਬਥੇਰਾ ਰੋਇਆ ਪਿੱਟਿਆ, ਅਕਬਰ ਦਾ ਡਰਾਬਾ ਵੀ ਦਿੱਤਾ.... ਦੁੱਲੇ ਨੇ ਉਹਨੂੰ ਕੁੱਟ-ਕੁੱਟ ਕੇ ਭਜਾ ਦਿੱਤਾ। ਇਸੇ ਤਰ੍ਹਾਂ ਦੁੱਲੇ ਨੇ ਮੋਦੇ ਸ਼ਾਹੂਕਾਰ ਦੀਆਂ ਦੌਲਤ ਨਾਲ਼ ਭਰੀਆਂ ਖੱਚਰਾਂ ਖੋਹ ਲਈਆਂ।

ਇਹਨਾਂ ਲੁੱਟਾਂ ਖੋਹਾਂ ਦੀਆਂ ਖ਼ਬਰਾਂ ਮੁਗ਼ਲ ਸਰਕਾਰ ਕੋਲ ਪੁੱਜਦੀਆਂ ਰਹੀਆਂ। ਲੋਕਾਂ 'ਚ ਦੁੱਲੇ ਦਾ ਦਬਦਬਾ ਐਨਾ ਵੱਧ ਗਿਆ———ਉਹਨਾਂ ਨੇ ਸਰਕਾਰੀ ਲਗਾਨ ਦੇਣਾ ਬੰਦ ਕਰ ਦਿੱਤਾ। ਮੁਗ਼ਲ ਅਹਿਲਕਾਰਾਂ ਵਿੱਚ ਭਗਦੜ ਮੱਚ ਗਈ। ਅਕਬਰ ਦੇ ਦਰਬਾਰ ਵਿੱਚ ਦੁੱਲੇ ਵੱਲੋਂ ਮੁਗ਼ਲ ਦਰਬਾਰ ਵਿਰੁੱਧ ਕੀਤੀ ਬਗ਼ਾਵਤ ਦੀ ਸੁਹ ਸੂਹਈਏ ਪੁਚਾਂਦੇ ਰਹੇ। ਉਸ ਨੇ ਇਸ ਬਗ਼ਾਵਤ ਦੀ ਪੜਤਾਲ ਲਈ ਇਕ ਜਾਸੂਸ ਉਚੇਚੇ ਤੌਰ ਤੇ ਸਾਂਦਲ ਬਾਰ ਭੇਜਿਆ ਪਰੰਤੂ ਦੁੱਲੇ ਨੂੰ ਪਤਾ ਲੱਗਣ ਤੇ ਉਸ ਨੇ ਜਾਸੂਸ ਦੀਆਂ ਦਾਹੜੀ ਮੁੱਛਾਂ ਮੁੰਨ ਦਿੱਤੀਆਂ।

ਅਕਬਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਉਹਨੇ ਦੁੱਲੇ ਨੂੰ ਉਹਦੇ ਪਰਿਵਾਰ ਸਮੇਤ ਮੁਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਸੁਣਾ ਦਿੱਤਾ। ਮਿਰਜ਼ਾ ਨਿਜਾਮਉੱਦੀਨ ਨੇ ਦੁੱਲੇ ਨੂੰ ਫੜ ਕੇ ਲਿਆਉਣ ਦਾ ਬੀੜਾ ਚੁੱਕ ਲਿਆ। ਮੁਗ਼ਲ ਫ਼ੌਜਾਂ ਸਾਂਦਲ ਬਾਰ ਵੱਲ ਵਧੀਆਂ:

ਚੜ੍ਹਿਆ ਸੀ ਮਿਰਜ਼ਾ ਨਿਜ਼ਾਮਦੀਨ
ਹਾਥੀਆਂ ਨੂੰ ਮੱਦਾਂ ਸੀ ਪਿਆਈਆਂ
ਭਰ ਕੇ ਦਾਰੂ ਦੀਆਂ ਬੋਤਲਾਂ ਲਿਆਂਵਦੇ
ਹਾਥੀਆਂ ਦੇ ਸੁੰਡਾਂ ਵਿੱਚ ਪਾਈਆਂ
ਜਦੋਂ ਹਾਥੀਆਂ ਨੂੰ ਚੜ੍ਹੀਆਂ ਲੋਰੀਆਂ
ਮਾਰਨ ਚੀਕਾਂ ਤੇ ਖਾਣ ਕਰਲਾਈਆਂ
ਹੌਲੀ-ਹੌਲੀ ਪਿੰਡੀ ਵਿੱਚ ਜਾ ਵੜੇ
ਟੱਕਰਾਂ ਦਰਸ਼ਨੀ ਦਰਵਾਜ਼ਿਆਂ ਨੂੰ ਲਾਈਆਂ
ਸਾਰੇ ਬੈਠਕਾਂ ਦਵਾਨਖ਼ਾਨੇ ਢਾਹ ਦਿੱਤੇ
ਇੱਟਾਂ ਬਣਾਂ ਦੇ ਵਿੱਚ ਖਿੰਡਾਈਆਂ
ਟਕੇ-ਟਕੇ ਦੇ ਸਪਾਹੀ ਅੰਦਰ ਜਾ ਵੜੇ।
ਮਾਰਨ ਛਮਕਾਂ ਤੇ ਕਰਨ ਕਰੜਾਈਆਂ.... (ਪਾਲੀ ਸਿੰਘ)

ਮੁਗ਼ਲ ਫ਼ੌਜਾਂ ਨੇ ਪਿੰਡੀ ਨੂੰ ਘੇਰ ਲਿਆ। ਐਡੀ ਭਾਰੀ ਸੈਨਾ ਦਾ ਮੁਕਾਬਲਾ

128/ਮਹਿਕ ਪੰਜਾਬ ਦੀ