ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਨਾ ਦੁੱਲੇ ਲਈ ਸੁਖੇਰਾ ਨਹੀਂ ਸੀ। ਦੁੱਲੇ ਦੇ ਛੋਟੇ ਭਾਈ ਮਹਿਰੂ ਅਮਲੀ ਨੇ ਪਹਿਲੇ ਦਿਨ ਮੁਗ਼ਲਾਂ ਨਾਲ਼ ਜਾ ਲੜਾਈ ਕੀਤੀ ਤੇ ਉਹਨਾਂ 'ਚ ਭਾਜੜਾਂ ਪਾ ਦਿੱਤੀਆਂ। ਅਗਲੇ ਦਿਨ ਦੁੱਲੇ ਦਾ ਪੁੱਤਰ ਨੂਰ ਖ਼ਾਂ ਬੜੀ ਬਹਾਦਰੀ ਨਾਲ਼ ਲੜਦਾ ਹੋਇਆ ਮੁਗ਼ਲ ਫ਼ੌਜ ਦਾ ਘੇਰਾ ਤੋੜ ਕੇ ਮਿਰਜ਼ਾ ਨਿਜ਼ਾਮਉੱਦੀਨ ਦੇ ਗਲ਼ ਜਾ ਪਿਆ।

ਸ਼ਕਤੀਸ਼ਾਲੀ ਹਕੂਮਤ ਵਿਰੁੱਧ ਮੁੱਠੀ ਭਰ ਯੋਧਿਆਂ ਦੀ ਬਗ਼ਾਵਤ ਭਲਾ ਕਿੰਨੇ 'ਕ ਦਿਨ ਕੱਟ ਸਕਦੀ ਸੀ। ਆਖ਼ਰ ਦੁੱਲਾ ਬੜੀ ਬਹਾਦਰੀ ਨਾਲ਼ ਲੜਦਾ ਹੋਇਆ ਸ਼ਹੀਦ ਹੋ ਗਿਆ। ਉਸ ਨੇ ਮੁਗ਼ਲਾਂ ਦੀ ਈਨ ਨਾ ਮੰਨੀ ਪਰੰਤੂ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ।

ਦੁੱਲੇ ਦੇ ਅੰਤ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਲੜਾਈ ਵਿੱਚ ਦੁੱਲੇ ਨੇ ਮਿਰਜ਼ਾ ਨਿਜ਼ਾਮੁਉੱਦੀਨ ਦੇ ਛੱਕੇ ਛੁਡਾ ਕੇ ਉਹਨੂੰ ਬੰਦੀ ਬਣਾ ਲਿਆ। ਪਰੰਤੂ ਮਿਰਜ਼ੇ ਨੇ ਲੱਧੀ ਦੇ ਤਰਲੇ ਮਿੰਨਤਾਂ ਕਰਕੇ ਆਪਣੀ ਜਾਨ ਬਖ਼ਸ਼ਾ ਲਈ ਤੇ ਦੁੱਲੇ ਨੂੰ ਸ਼ੇਖੂ ਨਾਲ਼ ਮੁਲਾਕਾਤ ਕਰਾਉਣ ਦੇ ਬਹਾਨੇ ਆਪਣੇ ਨਾਲ਼ ਲੈ ਗਿਆ ਅਤੇ ਧੋਖੇ ਨਾਲ ਸ਼ਰਾਬ ਪਲਾ ਕੇ ਉਸ ਨੂੰ ਕੈਦ ਕਰ ਲਿਆ। ਹੋਸ਼ ਆਉਣ ਤੇ ਦੁੱਲੇ ਨੇ ਕੈਦਖ਼ਾਨੇ ਵਿੱਚ ਟੱਕਰਾਂ ਮਾਰ-ਮਾਰ ਆਪਣੀ ਜਾਨ ਦੇ ਦਿੱਤੀ ਤੇ ਮੁਗ਼ਲਾਂ ਅੱਗੇ ਸਿਰ ਨਾ ਝੁਕਾਇਆ।

ਭਾਵੇਂ ਪੰਜਾਬ ਦਾ ਅਣਖੀਲਾ ਸੂਰਬੀਰ ਦੁੱਲਾ ਜੰਗ ਦੇ ਮੈਦਾਨ ਵਿੱਚ ਮਾਤ ਖਾ ਗਿਆ ਪਰੰਤੂ ਉਹ ਅੱਜ ਵੀ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਦਾ ਹੈ....ਉਸ ਦੀ ਬਹਾਦਰੀ ਦੇ ਕਿੱਸੇ ਪੰਜਾਬੀ ਬੜੀਆਂ ਲਟਕਾਂ ਨਾਲ਼ ਪੜ੍ਹਦੇ ਤੇ ਗਾਉਂਦੇ ਹਨ। ਦੁੱਲੇ ਦੀ ਜੀਵਨ ਗਾਥਾ ਨੂੰ ਪੰਜਾਬ ਦੇ ਕਿੱਸਾਕਾਰਾਂ ਨੇ ਬੜੇ ਅਨੂਠੇ ‘ਅੰਦਾਜ਼ ਵਿੱਚ ਗਾਂਵਿਆ ਹੈ। ਕਿਸ਼ਨ ਸਿੰਘ ਆਰਫ ਰਚਿਤ ‘ਕਿੱਸਾ ਦੁੱਲਾ ਭੱਟੀ' ਅਤੇ "ਆਵਾਜ਼ਾਂ ਦੁੱਲਾ ਭੱਟੀ" ਰਚਿਤ ਪਾਲੀ ਸਿੰਘ ਕਵੀਸ਼ਰ ਪੰਜਾਬੀਆਂ ਦੇ ਹਰਮਨ ਪਿਆਰੇ ਕਿੱਸੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਉਹ ਦੁੱਲਾ ਭੱਟੀ ਨੂੰ ਬਾਰਮ ਬਾਰ ਸਿਜਦਾ ਕਰਦੇ ਹਨ।

129/ਮਹਿਕ ਪੰਜਾਬ ਦੀ