ਸੁੱਚਾ ਨਰੈਣੇ ਦੀ ਚਿੱਠੀ ਪੜ੍ਹਦੇ ਸਾਰ ਹੀ ਤੜਫ਼ ਉੱਠਿਆ। ਉਹਦੀ ਅਣਖ ਜਾਗ ਪਈ ਤੇ ਖ਼ੂਨ ਉਬਾਲੇ ਖਾਣ ਲੱਗਾ। ਉਹਨੇ ਆਪਣੇ ਅੰਗਰੇਜ਼ ਅਫ਼ਸਰ ਕੋਲ਼ ਜਾ ਅਰਜ਼ ਗੁਜ਼ਾਰੀ। ਅਜੇ ਕੁਝ ਦਿਨ ਪਹਿਲਾਂ ਹੀ ਸੁੱਚੇ ਨੇ ਸਾਹਿਬ ਦੇ ਬੰਗਲੇ ਨੂੰ ਜਦੋਂ ਅੱਗ ਲੱਗੀ ਹੋਈ ਸੀ, ਮੇਮ ਤੇ ਉਹਦੇ ਦੋ ਬੱਚਿਆਂ ਨੂੰ ਬਲਦੀਆਂ ਲਾਟਾਂ ਵਿੱਚੋਂ ਕੱਢ ਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਦੀ ਜਾਨ ਬਚਾਈ ਸੀ.....। ਸਾਹਿਬ ਉਹਦੀ ਬਹਾਦਰੀ ’ਤੇ ਅਸ਼-ਅਸ਼ ਕਰ ਉਠਿਆ ਸੀ। ਉਸ ਨੇ ਸੁੱਚੇ ਨੂੰ ਸ਼ੁਕਰਾਨੇ ਵਜੋਂ ਇਕ ਰਾਈਫ਼ਲ ਤੇ 500 ਰੁਪਏ ਨਕਦ ਇਨਾਮ ਦੇ ਦਿੱਤੇ ਸਨ।
ਸਾਹਿਬ ਨੇ ਸੁੱਚੇ ਦੀ ਛੁੱਟੀ ਮਨਜ਼ੂਰ ਕਰ ਦਿੱਤੀ। ਉਹਨੇ ਰਾਈਫ਼ਲ ਤੇ ਕਾਰਤੂਸ ਆਪਣੇ ਬਿਸਤਰੇ 'ਚ ਬੰਨ੍ਹੇ ਤੇ ਸਮਾਂਹ ਨੂੰ ਚੱਲ ਪਿਆ। ਇਕ ਜਵਾਲਾ ਉਹਦੇ ਸੀਨੇ 'ਚ ਭੜਕ ਰਹੀ ਸੀ, ਅੱਖੀਆਂ ਅੰਗਿਆਰ ਵਰ੍ਹਾ ਰਹੀਆਂ ਸਨ।
ਕਈ ਦਿਨਾਂ ਦੇ ਸਫ਼ਰ ਮਗਰੋਂ ਸੁੱਚਾ ਸਮਾਂਹ ਪੁੱਜ ਗਿਆ। ਨਰੈਣੇ ਨੇ ਧਾ ਗਲਵੱਕੜੀ ਪਾਈ:
ਰੋ ਕੇ ਪਾ ਲਈ ਨਰੈਣੇ ਨੇ ਭਰਾ ਨੂੰ ਜਫੜੀ
ਖੁਸ਼ਕੀ ਸੇ ਹੋ ਗਈ ਐ ਪਿੰਡੇ 'ਤੇ ਧਫੜੀ
ਮਰ ਗਿਆ ਸੁੱਚਾ ਸਿੰਘਾ ਪਾ ਦੇ ਠੰਢ ਵੀਰਨਾ
ਆ ਗਿਆ ਸਬੱਬੀਂ ਦੁੱਖ ਵੰਡ ਵੀਰਨਾ (ਰਜਬ ਅਲੀ)
ਨਰੈਣੇ ਨੇ ਦਿਲ ਦੀਆਂ ਖੋਲ੍ਹ ਸੁਣਾਈਆਂ। ਬੀਰੋ ਉੱਪਰੋ-ਉੱਪਰੋਂ ਸੁੱਚੇ ਦੁਆਲੇ ਅਸ਼ਨੇ ਪਸ਼ਨੇ ਕਰਦੀ ਫਿਰਦੀ ਸੀ। ਕਈ ਦਿਨ ਲੰਘ ਗਏ। ਸੁੱਚਾ ਅੰਦਰੋਂ ਅੰਦਰ ਵਿਸ ਘੋਲ ਰਿਹਾ ਸੀ। ਘੁੱਕਰ ਤੇ ਭਾਗ ਉਹਦੀਆਂ ਅੱਖੀਆਂ ’ਚ ਰੜਕ ਰਹੇ ਸਨ। ਕੋਈ ਸਬੱਬ ਨਹੀਂ ਸੀ ਬਣ ਰਿਹਾ।
ਆਖ਼ਰ ਇਕ ਦਿਨ ਸਬੱਬ ਬਣ ਹੀ ਗਿਆ। ਪਿੰਡ ਵਿੱਚ ਗਾਉਣ ਲੱਗਿਆ ਹੋਇਆ ਸੀ। ਘੁੱਕਰ ਹੋਰੀਂ ਸ਼ਰਾਬ ਵਿੱਚ ਮਸਤ ਹੋਏ ਚਾਂਭੜਾਂ ਪਾ ਰਹੇ ਸਨ। ਸੁੱਚਾ ਅਖਾੜੇ ਵਿੱਚ ਖੇਸ ਦੀ ਬੁੱਕਲ ਮਾਰ ਰਾਈਫ਼ਲ ਲਕੋਈ ਬੈਠਾ ਸੀ। ਬੱਕਰੇ ਬੁਲਾਉਂਦੇ ਘੁੱਕਰ ਨੂੰ ਵੇਖਦੇ ਸਾਰ ਹੀ ਸੁੱਚੇ ਨੇ ਖੇਸੀ ਪਰੇ ਵਗਾਹ ਮਾਰੀ ਤੇ ਰਾਈਫ਼ਲ ਨਾਲ਼ ਫ਼ਾਇਰ ਕਰ ਦਿੱਤਾ। ਅਖਾੜੇ ਵਿੱਚ ਹਫੜਾ ਦਫੜੀ ਪੈ ਗਈ ਤੇ ਉਹਨੇ ਘੁੱਕਰ ਨੂੰ ਜਾ ਘੇਰਿਆ:
ਰਾਤ ਦਿਨ ਭੋਗ ਕੇ ਪਰਾਈਆਂ ਤੀਵੀਆਂ
ਸੂਰਮਾ ਸਦਾਮੇਂ ਅੱਖਾਂ ਪਾਵੇਂ ਨੀਵੀਆਂ
ਪਾਈ ਨਾ ਕਦਰ ਲਾਲ ਦੀ ਪਰਖ ਕੇ
ਲਾਲ ਸੂਹਾ ਹੋ ਗਿਆ ਸੂਰਮਾ ਹਰਖ ਕੇ
ਮੋਢੇ ਨਾਲ਼ ਲਾਵੇ ਚੁੱਕ ਕੇ ਮਸ਼ੀਨ ਨੂੰ
ਪੇਚ ਨੂੰ ਨਕਾਲ ਭਰੇ ਮੈਗਜ਼ੀਨ ਨੂੰ
ਮੱਲ ਵੰਨੀ ਛੱਡੇ ਜੋੜ-ਜੋੜ ਸ਼ਿਸ਼ਤਾਂ
ਦੇਰ ਨਾ ਲਗਾਵੇ ਤਾਰ ਦੇਵੇ ਕਿਸ਼ਤਾਂ
132/ਮਹਿਕ ਪੰਜਾਬ ਦੀ