ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/136

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੀਊਣਾ ਮੌੜ

ਪੰਜਾਬ ਦੀ ਧਰਤੀ ਸੂਰਬੀਰਾਂ, ਯੋਧਿਆਂ, ਸੰਤਾਂ ਅਤੇ ਗੁਰੂਆਂ ਦੀ ਧਰਤੀ ਹੈ, ਇਹ ਯੋਧੇ ਤੇ ਗੁਰੂ-ਪੀਰ ਪੰਜਾਬ ਦੇ ਲੋਕ ਮਾਨਸ ਨੂੰ ਸਦਾ ਟੁੰਭਦੇ ਰਹੇ ਹਨ। ਇਹ ਪੰਜਾਬ ਦੀ ਅਣਖ, ਗ਼ੈਰਤ ਅਤੇ ਸਵੈਮਾਨ ਦੇ ਪ੍ਰਤੀਕ ਹਨ, ਜਿਨ੍ਹਾਂ ਤੋਂ ਪੰਜਾਬੀ ਸਦਾ ਪ੍ਰੇਰਨਾ ਲੈਂਦੇ ਰਹੇ ਹਨ।

ਮਾਲਵੇ ਦਾ ਇਲਾਕਾ ਜਿਸ ਨੂੰ ਜੰਗਲ ਦਾ ਇਲਾਕਾ ਵੀ ਆਖਦੇ ਹਨ ਇਕ ਅਜਿਹਾ ਖਿੱਤਾ ਹੈ ਜਿਸ ਨੇ ਅਣਖ ਅਤੇ ਸਵੈਮਾਨ ਦੀ ਰਾਖੀ ਕਰਨ ਵਾਲੇ ਅਜਿਹੇ ਸੂਰਮੇ ਪੈਦਾ ਕੀਤੇ ਹਨ ਜੋ ਡਾਕੂਆਂ ਦੇ ਰੂਪ ਵਿੱਚ ਵਿਚਰਦੇ ਹੋਏ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਰਹੇ ਹਨ ਅਤੇ ਅੱਜ ਵੀ ਪੰਜਾਬੀ ਉਨ੍ਹਾਂ ਦੀਆਂ ਵਾਰਾਂ ਗਾ ਕੇ ਅਥਾਹ ਖ਼ੁਸ਼ੀ ਪ੍ਰਾਪਤ ਕਰਦੇ ਹਨ। ਸੁੱਚਾ ਸਿੰਘ ਸੂਰਮਾ ਅਤੇ ਜੀਊਣਾ ਮੌੜ ਅਜਿਹੇ ਦੇ ਮਲਵਈ ਲੋਕ ਨਾਇਕ ਹਨ, ਜਿਨ੍ਹਾਂ ਦਾ ਨਾਂ ਸੁਣਕੇ ਪੰਜਾਬੀ ਗੱਭਰੂਆਂ ਦੇ ਡੌਲ਼ੇ ਫਰਕਣ ਲੱਗ ਜਾਂਦੇ ਹਨ ਅਤੇ ਅੱਖਾਂ ਵਿੱਚ ਅਨੂਠੀ ਚਮਕ ਡਲ੍ਹਕਾਂ ਮਾਰਨ ਲੱਗਦੀ ਹੈ।

ਜ਼ਿਲ੍ਹਾ ਸੰਗਰੂਰ ਦੇ ਪਿੰਡ ਮੌੜ ਦਾ ਜਮਪਲ ਸਧਾਰਨ ਜੱਟ ਪਰਿਵਾਰ ਦੇ ਖੜਗ ਸਿੰਘ ਦਾ ਪੁੱਤਰ ਜੀਊਣਾ ਬੜਾ ਸਾਊ ਤੇ ਨਿਮਰ ਨੌਜਵਾਨ ਸੀ ਜਿਸ ਨੂੰ ਸਮੇਂ ਦੀਆਂ ਪ੍ਰਸਥਿਤੀਆਂ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ।

ਗੱਲ ਇਸ ਤਰ੍ਹਾਂ ਹੋਈ ਇਕ ਦਿਨ ਆਥਣ ਵੇਲੇ ਜੀਊਣ ਸਿੰਘ, ਜਿਸ ਨੂੰ ਆਮ ਕਰਕੇ ਜੀਊਣਾ ਕਹਿ ਕੇ ਬੁਲਾਉਂਦੇ ਸਨ ਆਪਣੇ ਡੰਗਰਾਂ ਦੇ ਵਾੜੇ ਵਿੱਚ ਇਕੱਲਾ ਬੈਠਾ ਸੀ ਕਿ ਇਕ ਅੱਧਖੜ ਉਮਰ ਦਾ ਓਪਰਾ ਬੰਦਾ ਉਨ੍ਹਾਂ ਦੇ ਘਰ ਦਾ ਪਤਾ ਪੁੱਛਦਾ, ਪੁਛਾਉਂਦਾ ਉਹਦੇ ਕੋਲ਼ ਆਇਆ! ਉਸ ਓਪਰੇ ਪੁਰਸ਼ ਦਾ ਆਦਰਮਾਣ, ਕਰਦਿਆਂ ਜੀਉਣੇ ਨੇ ਉਸ ਨੂੰ ਆਪਣੇ ਮੰਜੇ 'ਤੇ ਬਿਠਾ ਲਿਆ। ਓਪਰਾ ਬੰਦਾ ਆਖਣ ਲੱਗਾ, "ਭਤੀਜ ਮੈਂ ਕਾਲ਼ੇ ਪਾਣੀ ਤੋਂ ਆਇਆਂ ਤੇਰੇ ਵੱਡੇ ਭਾਈ ਕਿਸ਼ਨੇ ਕੋਲੋਂ। ਉਹਦਾ ਸੁਨੇਹਾ ਲੈ ਕੇ, ਸਿੱਧਾ ਥੋਡੇ ਕੋਲ਼ ਆਇਆਂ। ਫੇਰ ਆਪਣੇ ਪਿੰਡ ਜਾਊਂਗਾ। ਉਹਨੇ ਕਿਹੈ ਬਈ ਜੇ ਤੂੰ ਉਹਦਾ ਭਾਈ ਐਂ ਤੇ ਮਾਂ ਦਾ ਸੀਰ ਚੰਘਿਐ ਤਾਂ ਡਸਕੇ ਆਲੇ ਡੋਗਰ ਤੋਂ ਬਦਲਾ ਲੈ-ਲੈ ਉਹਨੂੰ ਮਾਰਕੇ, ਜੀਹਨੇ ਤੇਰੇ ਭਰਾ ਕਿਸ਼ਨੇ ਨੂੰ ਧੋਖੇ ਨਾਲ਼ ਪੁਲਿਸ ਨੂੰ ਫੜਾ ਕੇ, ਕਾਲੇ ਪਾਣੀ ਦੀ ਸਜ਼ਾ ਦੁਆਈ ਐ ... .ਭਤੀਜ ਬੰਦਾ ਕਾਹਦੈ ਜੀਹਨੇ ਭਾਈ ਦਾ ਬਦਲਾ ਨੀ ਲਿਆ.... ਡੋਗਰ ਮੌਜਾਂ ਕਰਦੈ ਤੇ ਭਾਈ ਕਾਲ਼ੇ ਪਾਣੀ ਨਰਕ ਭੋਗਦੈ ....."

ਕਿਸ਼ਨਾ ਜੀਊਣੇ ਤੋਂ ਕੁਝ ਵਰ੍ਹੇ ਵੱਡਾ ਸੀ। ਛੈਲ ਛਬੀਲਾ ਗੱਭਰੂ ਮੌਜ ਮਸਤੀ ਕਰਨ ਵਾਲ਼ਾ। ਨਵਾਂ-ਨਵਾਂ ਵੈਲੀ ਬਣਿਆਂ। ਕਿਸ਼ਨੇ ਕੋਲ਼ ਓਪਰੇ ਬੰਦੇ ਆਉਣ

134/ਮਹਿਕ ਪੰਜਾਬ ਦੀ