ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/140

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੱਗਾ ਸੀ ਕਿ ਇਕ ਕੁੜੀ ਹੌਂਸਲਾ ਕਰਕੇ ਬੋਲੀ, "ਵੇ ਵੀਰਿਆ ਮੇਰੇ ਤਾਂ ਸਹੁਰੇ ਬੜੇ ਅਵੈੜੇ ਐ ਉਹ ਤਾਂ ਮੇਰੇ ਹੱਡਾਂ 'ਚੋਂ ਟੂੰਮਾਂ ਕਢ ਲੈਣਗੇ। ਮੇਰੇ ਪਿਉਕੇ ਬੜੇ ਗਰੀਬ ਐ। ਉਨ੍ਹਾਂ ਮਸੀਂ ਮੇਰਾ ਵਿਆਹ ਕੀਤੈ ਜ਼ਮੀਨ ਧਰਕੇ। ਉਨ੍ਹਾਂ ’ਚ ਦੁਬਾਰਾ ਟੂੰਮਾਂ ਘੜਾਉਣ ਦੀ ਪਰੋਖੋਂ ਨੀ। ਵੇ ਵੀਰਾ ਮੈਂ ਤੇਰੀ ਭੈਣ ਵਰਗੀ ਆਂ!"

ਕੁੜੀ ਦਾ ਤਰਲਾ ਹੀ ਅਜਿਹਾ ਸੀ ਕਿ ਜੀਊਣੇ ਦਾ ਦਿਲ ਪਸੀਜ ਗਿਆ-ਉਹਨੇ ਝੱਟ ਚਾਦਰੇ ਦੀ ਗੰਢ ਖੋਲ੍ਹ ਦਿੱਤੀ ਤੇ ਆਖਿਆ, "ਕੁੜੀਓ ਲੈ ਜੋ ਆਪੋ ਆਪਣੀਆਂ ਟੂੰਮਾਂ।"

ਤੇ ਚਾਦਰਾ ਝਾੜ ਕੇ ਅਗਾਂਹ ਟੁਰ ਗਿਆ। ਇਸ ਘਟਨਾ ਤੋਂ ਮਗਰੋਂ ਉਹਨੇ ਆਪਣੇ ਸਾਥੀਆਂ ਨੂੰ ਤੀਆਂ ਲੁੱਟਣ ਤੋਂ ਸਦਾ ਲਈ ਵਰਜ ਦਿੱਤਾ।

ਇਕ ਦਿਨ ਰਾਹ ਜਾਂਦਿਆਂ ਜੀਊਣੇ ਨੂੰ ਭੁੱਖ ਲੱਗ ਗਈ। ਉਸ ਵੇਖਿਆ ਇਕ ਕੁੜੀ ਖੇਤ ਨੂੰ ਭੱਤਾ ਲਈ ਜਾਂਦੀ ਹੈ। ਉਹਨੇ ਕੁੜੀ ਨੂੰ ਰੋਕ ਕੇ ਆਖਿਆ, "ਭੈਣੇ ਰੋਟੀ ਖੁਆਏਂਗੀ?"

"ਆਹੋ ਵੀਰ" ਆਖ ਕੁੜੀ ਨੇ ਸਿਰ ਤੋਂ ਛਿੱਕੂ ਲਾਹ ਕੇ, ਲੱਸੀ ਦੀ ਝੱਕਰੀ ਧਰਤੀ ਤੇ ਰੱਖੀ ਤੇ ਪੋਣੇ 'ਚੋਂ ਦੋ ਮਿੱਸੀਆਂ ਰੋਟੀਆਂ ਕੱਢਕੇ, ਉੱਤੇ ਅੰਬ ਦੇ ਆਚਾਰ ਦੀ ਫਾੜੀ ਤੇ ਗੰਢਾ ਧਰਕੇ ਉਹਦੇ ਹੱਥ ਫੜਾ ਦਿੱਤੀਆਂ।

ਜੀਊਣੇ ਨੇ ਰੋਟੀ ਖਾ ਕੇ ਕੁੜੀ ਦੇ ਹੱਥ 25 ਰੁਪਏ ਰੱਖਕੇ ਉਹਦਾ ਸਿਰ ਪਲੋਸਿਆ ਤੇ ਅਗਾਂਹ ਟੁਰ ਗਿਆ।

ਕੁਝ ਦਿਨਾਂ ਮਗਰੋਂ ਜੀਊਣੇ ਮੌੜ ਨੇ ਦੌਲੇਆਲ ਪਿੰਡ ਵਿੱਚੋਂ ਇਕ ਵਧੀਆ ਨਸਲ ਦਾ ਘੋੜਾ ਜਾ ਖੋਲ੍ਹਿਆ। ਪਿਛਾੜੀ ਖਿੱਚੀ ਜਾਣ ਕਰਕੇ ਕਿੱਲਾ ਉਖੜਕੇ ਉਹਦੇ ਨੱਕ ਤੇ ਜਾ ਵੱਜਾ ਤੇ ਜ਼ਖ਼ਮ ਦਾ ਨਿਸ਼ਾਨ ਪੈ ਗਿਆ।

ਜੀਊਣੇ ਮੌੜ ਦੇ ਸਖੀਪਣੇ ਅਤੇ ਸੂਰਮਤਾਈ ਦੀਆਂ ਕਈ ਹੋਰ ਵੀ ਕਹਾਣੀਆਂ ਹਨ।

ਇਕ ਵਾਰ ਉਨ੍ਹਾਂ ਨੇ ਇਕ ਝੜੀ ਵਿੱਚ ਇਕ ਬਰਾਤ ਰੋਕ ਲਈ ਤੇ ਬਹੂ ਦੇ ਸਾਰੇ ਗਹਿਣੇ ਲੁਹਾ ਕੇ ਜਾਂਜੀਆਂ ਦੇ ਖੀਸੇ ਵੀ ਖ਼ਾਲੀ ਕਰਵਾ ਲਏ। ਉਹਦੇ ਨੱਕ ਦੇ ਨਿਸ਼ਾਨ ਤੋਂ ਜੱਟ ਨੇ ਪਛਾਣ ਲਿਆ ਬਈ ਇਹ ਤਾਂ ਜੀਊਣਾ ਮੌੜ ਐ। ਉਹਨੇ ਜੀਊਣੇ ਅੱਗੇ ਹੱਥ ਜੋੜ ਕੇ ਆਖਿਆ-

"ਭੋਇੰ ਧਰਕੇ ਇਕ ਮੁੰਡਾ ਵਿਆਹਿਆ
ਬਹੂ ਨੂੰ ਟੂਮ ਛੱਲਾ ਮੰਗ ਕੇ ਪਾਇਆ
ਵਾਸਤਾ ਈ ਰੱਬ ਦਾ ਤੂੰ ਸਾਡਾ ਜੱਟ ਭਾਈ
ਲੁੱਟ ਸ਼ਾਹੂਕਾਰਾਂ ਨੂੰ ਜਿਨ੍ਹਾਂ ਲੁੱਟ ਮਚਾਈ।" (ਭਗਵਾਨ ਸਿੰਘ)

ਜੀਊਣੇ ਨੇ ਝੱਟ ਜੱਟ ਦੀ ਬੇਨਤੀ ਮੰਨ ਸਾਰਾ ਟੂਮ ਟੱਲਾ ਮੋੜ ਕੇ, ਪਲਿਓਂ ਹੋਰ ਹਜ਼ਾਰ ਰੁਪਿਆ ਪਾ ਕੇ ਬਰਾਤ ਅਗਾਂਹ ਤੋਰ ਦਿੱਤੀ।

ਜੀਊਣੇ ਮੌੜ ਦੀ ਸਾਰੇ ਇਲਾਕੇ ਵਿੱਚ ਦਹਿਸ਼ਤ ਹੀ ਐਨੀ ਸੀ ਕਿ ਕਈ ਬਦਮਾਸ਼ ਆਪਣੇ ਆਪ ਨੂੰ ਜੀਊਣਾ ਮੌੜ ਦੱਸ ਕੇ ਲੁੱਟਮਾਰ ਕਰਨ ਲੱਗ ਪਏ ਸਨ।

138/ਮਹਿਕ ਪੰਜਾਬ ਦੀ