ਸਾਹਮਣੇ ਸੀ। ਨਿਸ਼ਾਨਾ ਪੂਰਾ ਹੋਣ 'ਤੇ ਹੀ ਉਹਦੇ ਕਲੇਜੇ ਠੰਢ ਪੈਣੀ ਸੀ।
ਇਕ ਦਿਨ ਘੋੜੇ 'ਤੇ ਸਵਾਰ ਹੋ ਕੇ ਜੀਊਣਾ ਮੌੜ ਅਹਿਮਦ ਡੋਗਰ ਦੇ ਪਿੰਡ ਡਸਕੇ ਜਾ ਪੁੱਜਾ। ਉਹਨੇ ਪਾਲ਼ੀ ਹੱਥ ਡੋਗਰ ਨੂੰ ਸੁਨੇਹਾ ਭੇਜਿਆ, "ਤੇਰਾ ਜਮਾਈ ਆਪਣੇ ਭਰਾ ਕਿਸ਼ਨੇ ਦਾ ਬਦਲਾ ਲੈਣ ਆਇਐ .... ਤੈਂ ਮੇਰੇ ਭਾਈ ਨੂੰ ਧੋਖੇ ਨਾਲ਼ ਫੜਾਇਆ ਸੀ.... ਜੇ ਤੂੰ ਅਸਲੀ ਬਾਪ ਦਾ ਤੁਖਮ ਐਂ ਤਾਂ ਸਾਹਮਣੇ ਆ ਜਾ। ਪਾਜੀਆ ਫੇਰ ਨਾ ਆਖੀ।"
ਜੀਊਣੇ ਮੌੜ ਦਾ ਸੁਨੇਹਾ ਸੁਣਦੇ ਸਾਰ ਹੀ ਡੋਗਰ ਦੀਆਂ ਅੱਖਾਂ ਵਿੱਚ ਲਾਲ ਸੂਹੇ ਡੋਰੇ ਡਲ੍ਹਕ ਪਏ। ਉਹਨੇ ਕਾਰਤੂਸਾਂ ਦੀ ਪੇਟੀ ਆਪਣੇ ਮੋਢੇ ਨਾਲ਼ ਲਮਕਾਈ ਤੇ ਹੱਥ ’ਚ ਰਫ਼ਲ ਫੜ ਕੇ ਘੋੜੇ 'ਤੇ ਸਵਾਰ ਹੁੰਦਾ ਬੋਲਿਆ, "ਜਦੋਂ ਗਿੱਦੜ ਦੀ ਮੌਤ ਆਉਂਦੀ ਐ ਉਹ ਨਿਆਈਆਂ ਵੱਲ ਨੂੰ ਭਜਦੈ। ਅੱਜ ਵੱਡਾ ਸੂਰਮਾ ਜੀਊਣਾ ਮੇਰੇ ਕੋਲ਼ੋਂ ਬਚ ਕੇ ਨੀ ਜਾ ਸਕਦਾ।"
ਡੋਗਰ ਦੀ ਘਰ ਵਾਲ਼ੀ ਨੇ ਉਸ ਨੂੰ ਰੋਕਿਆ ਵੀ ਪਰ ਡੋਗਰ ਦੇ ਸਿਰ ਖ਼ੂਨ ਸਵਾਰ ਹੋਇਆ ਹੋਇਆ ਸੀ। ਉਹ ਪਿੰਡੋਂ ਬਾਹਰ ਮੈਦਾਨ ਵਿੱਚ ਜਾ ਪੁੱਜਾ ਜਿੱਥੇ ਖੜਾ ਜੀਉਣਾ ਮੌੜ ਖੌਰੂ ਪਾ ਰਿਹਾ ਸੀ।
ਜੀਊਣੇ ਨੇ ਡੋਗਰ ਨੂੰ ਲਲਕਾਰਿਆ, "ਡੋਗਰਾ ਮੈਂ ਤੇਰੇ ਅਰਗਾ ਪਾਜੀ ਨੀ। ਸੂਰਮਾ ਕਿਸੇ ਨੂੰ ਧੋਖੇ ਨਾਲ਼ ਨੀ ਮਾਰਦਾ। ਪਹਿਲਾ ਵਾਰ ਤੇਰੈ।"
ਡੋਗਰ ਨੇ ਪਹਿਲਾ ਫ਼ਾਇਰ ਕੀਤਾ। ਜੀਊਣੇ ਦੀ ਘੋੜੀ ਧਰਤੀ 'ਤੇ ਬਹਿ ਗਈ। ਗੋਲੀ ਉੱਪਰੋਂ ਲੰਘ ਗਈ। ਦੂਜਾ ਫ਼ਾਇਰ ਵੀ ਫੋਕਾ ਹੀ ਗਿਆ। ਜੀਊਣੇ ਮੌੜ ਨੇ ਅਜਿਹੀ ਸਿਸਤ ਬੰਨ੍ਹੀਂ ਕਿ ਪਹਿਲੇ ਫ਼ਾਇਰ ਨਾਲ ਹੀ ਡੋਗਰ ਨੂੰ ਪਾਰ ਬੁਲਾ ਦਿੱਤਾ।
ਡੋਗਰ ਦੀ ਲਾਸ਼ ਧਰਤੀ 'ਤੇ ਪਈ ਤੜਪ ਰਹੀ ਸੀ। ਡੋਗਰ ਦੇ ਘਰ ਹਾਹਾਕਾਰ ਮੱਚ ਗਈ।
ਕਿਸੇ ਮੌੜੀਂ ਜਾ ਦੱਸਿਆ "ਜੀਊਣੇ ਨੇ ਡੋਗਰ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈ ਲਿਐ।" ਸਾਰਾ ਪਿੰਡ ਉਸ ਦੇ ਬਲਿਹਾਰੇ ਜਾ ਰਿਹਾ ਸੀ।
ਡੋਗਰ ਦੇ ਮਰਨ ਦੀ ਖ਼ਬਰ ਸਾਰੇ ਇਲਾਕੇ ਵਿੱਚ ਅੱਗ ਵਾਂਗ ਫ਼ੈਲ ਗਈ... ਘਰ-ਘਰ ਜੀਊਣੇ ਮੌੜ ਦੀਆਂ ਗੱਲਾਂ ਹੋ ਰਹੀਆਂ ਸਨ.....ਹਰ ਕੋਈ ਉਸ ਅਣਖੀ ਸੂਰਮੇ ਦੀਆਂ ਗੱਲਾਂ ਕਰ ਰਿਹਾ ਸੀ।
ਘਰ ਘਰ ਪੁੱਤ ਜੰਮਦੇ
ਜੀਊਣਾ ਮੌੜ ਨੀ ਕਿਸੇ ਬਣ ਜਾਣਾ
ਬੁਡਲਾਢੇ ਦੀ ਪੁਲਿਸ ਨੇ ਜੀਊਣੇ ਮੌੜ ਨੂੰ ਫੜਨ ਦੀ ਸਿਰਤੋੜ ਕੋਸ਼ਿਸ਼ ਕੀਤੀ ਪ੍ਰੰਤੂ ਉਹ ਉਨ੍ਹਾਂ ਦੇ ਹੱਥ ਆਉਣ ਵਾਲ਼ਾ ਕਿੱਥੇ ਸੀ। ਪੁਲਿਸ ਤਾਂ ਉਸ ਪਾਸੋਂ ਥਰ-ਥਰ ਕਬੰਦੀ ਸੀ। ਉਹਦੇ ਸਾਹਮਣੇ ਹੋਣ ਦਾ ਹੌਂਸਲਾ ਨਹੀਂ ਸੀ ਕਰਦੀ। ਪੂਰੀ ਸ਼ਾਨ ਨਾਲ਼ ਜੀਊਣਾ ਮੌੜ ਆਪਣੇ ਇਲਾਕੇ ਵਿੱਚ ਵਿਚਰ ਰਿਹਾ ਸੀ।
140/ਮਹਿਕ ਪੰਜਾਬ ਦੀ