ਉਸ ਘੋੜੇ (ਆਪਣੇ ਕੋਕੇ ਭਰਾ) ਨੂੰ ਨਾਲ ਲਿਆ ਤੇ ਉਸ ਸੁੰਦਰੀ ਨੂੰ ਜਿੱਤਣ ਲਈ ਉਸ ਕੋਲ ਪੁੱਜਾ। ਕਈ ਵਰ੍ਹੇ ਉਹ ਉਸ ਨਾਲ ਰਿਹਾ। ਦਿਨ ਵੇਲੇ ਜਾਦੂ ਦੁਆਰਾ ਉਹਨੂੰ ਭੇਡ ਬਣਾ ਦਿੱਤਾ ਜਾਂਦਾ ਸੀ ਤੇ ਰਾਤੀਂ ਉਹਨੂੰ ਮੁੜ ਰਾਜੇ ਦਾ ਰੂਪ ਮਿਲ ਜਾਂਦਾ ਸੀ। ਉਸ ਦੀ ਗੈਰ-ਹਾਜ਼ਰੀ ਵਿੱਚ ਰਾਜ ਦਾ ਇਕ ਹੋਰ ਦਾਅਵੇਦਾਰ ਪ੍ਰਗਟ ਹੋਇਆ। ਉਹਨੇ ਮਹਿਲ ਵਿੱਚ ਜ਼ੋਰੀਂ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਦਰਬਾਨ ਨੇ ਜਿਹੜਾ ਗੁੱਗੇ ਦੀ ਗੈਰ-ਹਾਜ਼ਰੀ ਵਿੱਚ ਅੰਨ੍ਹਾ ਹੋ ਗਿਆ ਸੀ, ਉਸ ਨੂੰ ਅੰਦਰ ਪ੍ਰਵੇਸ਼ ਨਾ ਕਰਨ ਦਿੱਤਾ। ਦਰਬਾਨ ਨੇ ਉਸ ਦੇ ਗੁੱਗਾ ਹੋਣ ਦੇ ਦਾਅਵੇ ਤੇ ਵਿਸ਼ਵਾਸ ਨਾ ਕੀਤਾ ਤੇ ਦੱਸਿਆ ਕਿ ਗੁੱਗੇ ਦੀ ਘਰ ਵਾਪਸੀ ਤੇ ਉਸ ਦੀਆਂ ਅੱਖਾਂ ਨੂੰ ਮੁੜ ਚਾਨਣ ਮਿਲ ਜਾਵੇਗਾ। ਅੰਤ ਭੀੜ ਬਣੀ ਵੇਖ ਕੇ ਗੁਰੀ ਨੇ ਇਕ ਬਾਹਮਣ ਹੱਥ ਚਿੱਠੀ ਲਿਖ ਕੇ ਗੁੱਗੇ ਨੂੰ ਬੰਗਾਲ ਵਿੱਚ ਭੇਜੀ। ਗੁੱਗੇ ਨੂੰ ਸਾਰੀ ਹਾਲਤ ਦੀ ਸਮਝ ਪਈ ਤਾਂ ਉਹਨੇ ਇਸ ਆਨੰਦਮਈ ਜੀਵਨ ਨੂੰ ਤਿਆਗ ਦਿੱਤਾ ਅਤੇ ਬਾਹਮਣ ਦੀ ਸਹਾਇਤਾ ਨਾਲ ਉਸ ਨੇ ਜਾਦੂ ਦੇ ਅਸਰ ਤੋਂ ਵੀ ਛੁਟਕਾਰਾ ਪਾਇਆ। ਏਸੇ ਸਹਾਇਤਾ ਨਾਲ ਉਹਦਾ ਕਮਜ਼ੋਰ ਤੇ ਦੁਬਲਾ-ਪਤਲਾ ਘੋੜਾ ਵੀ ਮੁੜ ਬਲਵਾਨ ਬਣ ਗਿਆ। ਗੁੱਗਾ ਘੋੜੇ ਤੇ ਚੜ੍ਹ ਕੇ ਦੇਸ਼ ਨੂੰ ਚਲਾ ਗਿਆ। ਦੇਸ਼ ਵਾਪਸੀ ਤੇ ਦਰਬਾਨ ਦੀਆਂ ਅੱਖਾਂ ਠੀਕ ਹੋ ਗਈਆਂ। ਹੁਣ ਗੁੱਗੇ ਤੇ ਗੁਰੀ ਨੇ ਲੜਾਈ ਵਿੱਚ ਬੜੇ ਜੌਹਰ ਵਿਖਾਏ। ਗੁੱਗਾ ਤਾਂ ਆਪਣਾ ਸਿਰ ਵਢਿਆ ਜਾਣ ਪਿੱਛੋਂ ਵੀ ਕੁਝ ਚਿਰ ਲੜਦਾ ਰਿਹਾ। ਮੌਤ ਪਿੱਛੋਂ ਉਹਨੂੰ ਦੇਵਤੇ ਦੀ ਪਦਵੀ ਦਿੱਤੀ ਗਈ। ਉਸ ਨੂੰ ਹਰ ਵੇਲੇ ਘੋੜ-ਸਵਾਰ ਹੀ ਵਿਖਾਇਆ ਗਿਆ ਹੈ।* ਇਸ ਤਰ੍ਹਾਂ ਵੱਖੋ-ਵੱਖ ਪ੍ਰਾਂਤਾਂ ਵਿੱਚ ਗੁੱਗੇ ਦੀ ਕਹਾਣੀ ਬਦਲਦੀ ਰਹਿੰਦੀ ਹੈ। ਉੱਜ ਏਸ ਕਥਾ ਦੇ ਅੰਤ ਅਤੇ ਖ਼ਾਸ-ਖ਼ਾਸ ਘਟਨਾਵਾਂ ਵਿੱਚ ਸਮਾਨਤਾ ਹੈ। ਹੁਣ ਮੈਂ ਗੁੱਗੇ ਦੀ ਉਸਤਤੀ ਵਿੱਚ ਗਾਏ ਜਾਂਦੇ ਕੁਝ ਕੁ ਗੀਤ ਜਿਹੜੇ ਕਿ ਔਰਤਾਂ ਗੁੱਗੇ ਦੀ ਪੂਜਾ ਸਮੇਂ ਰਲ ਕੇ ਗਾਂਦੀਆਂ ਹਨ, ਪੇਸ਼ ਕਰਦਾ ਹਾਂ। ਗੀਤ ਹੈ: ਪੱਲੇ ਮੇਰੇ ਛੱਲੀਆਂ। ਮੈਂ ਗੁੱਗਾ ਮਨਾਵਨ ਚੱਲੀ ਆਂ ਜੀ ਮੈਂ ਬਾਰੀ ਗੁੱਗਾ ਜੀ ਪੱਲੇ ਮੇਰੇ ਮੱਠੀਆਂ ਮੈਂ ਗੁੱਗਾ ਮਨਾਵਣ ਨੱਠੀਆਂ ਜੀ ਮੈਂ ਬਾਰੀ ਗੁੱਗਾ ਜੀ ਰੋਹੀ ਵਾਲਿਆ ਗੁੱਗਿਆ ਵੇ ਭਰਿਆ ਕਟੋਰਾ ਦੁੱਧ ਦਾ ਮੇਰਾ ਗੁੱਗਾ ਮਾੜੀ ਵਿੱਚ ਕੁੱਦਦਾ
- ‘ਕੁੱਲੂ ਦੇ ਲੋਕ-ਗੀਤ’, ਪੰਨਾ 36-37
152/ ਮਹਿਕ ਪੰਜਾਬ ਦੀ