ਨਾਥ ਦਾ ਹੁਕਮ ਮੰਨ ਕੇ ਪੂਰਨ ਸੁੰਦਰਾਂ ਨਾਲ਼ ਉਹਦੇ ਮਹਿਲਾਂ ਨੂੰ ਤੁਰ ਪਿਆ... ਰਾਣੀ ਨੇ ਉਹਦੀਆਂ ਸੈਆਂ ਖ਼ਾਤਰਾਂ ਕੀਤੀਆਂ ਪਰੰਤੂ ਪੂਰਨ ਨੂੰ ਰਾਣੀ ਸੁੰਦਰਾਂ ਦਾ ਹੁਸਨ, ਚੁਹਲ ਤੇ ਨਖ਼ਰੇ ਭਰਮਾ ਨਾ ਸਕੇ-ਉਹ ਅਡੋਲ ਸਮਾਧੀ ਲਾਈ ਬੈਠਾ ਰਿਹਾ।
ਅਗਲੀ ਸਵੇਰ ਪੂਰਨ ਨੇ ਬਾਹਰ ਜੰਗਲ 'ਚ ਜਾ ਕੇ ਜੰਗਲ ਪਾਣੀ ਜਾਣ ਦੀ ਚਾਹਨਾ ਪ੍ਰਗਟਾਈ। ਰਾਣੀ ਨੇ ਗੋਲੀਆਂ ਉਹਦੇ ਨਾਲ਼ ਤੋਰ ਦਿੱਤੀਆਂ ਤੇ ਆਪ ਮਹਿਲਾਂ ਤੇ ਖੜੋ ਕੇ ਜਾਂਦੇ ਪੂਰਨ ਨੂੰ ਵੇਖਣ ਲੱਗੀ। ਦਰੱਖ਼ਤਾਂ ਦੇ ਝੁੰਡ ਉਹਲੇ ਜਾ ਕੇ ਪੂਰਨ ਨੇ ਅਜਿਹੀ ਝਕਾਨੀ ਦਿੱਤੀ ਕਿ ਉਹ ਗੋਲੀਆਂ ਦੀਆਂ ਅੱਖਾਂ ਤੋਂ ਦੂਰ ਹੋ ਗਿਆ। ਸੁੰਦਰਾਂ ਪੂਰਨ ਦਾ ਓਹਲੇ ਹੋਣਾ ਬਰਦਾਸ਼ਤ ਨਾ ਕਰ ਸਕੀ.... ਗੋਲੀਆਂ ਵਾਪਸ ਪਰਤ ਰਹੀਆਂ ਸਨ ਕੱਲੀਆਂ... ਸੁੰਦਰਾਂ ਨੇ ਵੇਖਦੇ-ਵੇਖਦੇ ਮਹਿਲ ਤੋਂ ਛਾਲ ਮਾਰ ਦਿੱਤੀ ਤੇ ਆਪਣੀ ਜਾਨ ਗੁਆ ਲਈ।
ਪੂਰਨ ਜੋਗੀ ਬਣਿਆਂ ਜੋਗ ਦਾ ਚਾਨਣ ਵੰਡਦਾ-ਵੰਡਦਾ ਵੱਖ-ਵੱਖ ਥਾਵਾਂ ਤੇ ਘੁੰਮਦਾ ਰਿਹਾ... ਸਲਵਾਨ ਨੇ ਤਾਂ ਆਪਣੇ ਵੱਲੋਂ ਪੂਰਨ ਨੂੰ ਮਰਵਾ ਦਿੱਤਾ ਸੀ... ਰਾਣੀ ਇਛਰਾਂ ਆਪਣੇ ਪੁੱਤ ਦੇ ਵਯੋਗ ਚ ਉਂਜ ਹੀ ਅੰਨ੍ਹੀ ਹੋ ਗਈ ਸੀ ਤੇ ਲੂਣਾ ਦੀ ਕੁੱਖ ਅਜੇ ਤੀਕ ਹਰੀ ਨਾ ਸੀ ਹੋਈ। ਸਲਵਾਨ ਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਉਹਦੇ ਰਾਜ ਦਾ ਵਾਰਸ ਕੋਈ ਨਹੀਂ।
ਪੂਰੇ ਬਾਰਾਂ ਵਰ੍ਹੇ ਮਗਰੋਂ ਪੂਰਨ ਜੋਗੀ ਦੇ ਰੂਪ ਵਿੱਚ ਆਪਣੇ ਸ਼ਹਿਰ ਸਿਆਲਕੋਟ ਪੁੱਜਾ... ਸ਼ਹਿਰੋਂ ਬਾਹਰ ਉਸਦੀ ਯਾਦ 'ਚ ਬਣੇ, ਉਜੜੇ ਹੋਏ ਬਾਗ਼ `ਚ ਉਹਨੇ ਧੂਣਾ ਤਾਪ ਦਿੱਤਾ... ਬਾਗ਼ ਹਰਾ-ਭਰਾ ਹੋ ਗਿਆ-ਸਾਰੇ ਸ਼ਹਿਰ ਵਿੱਚ ਜੋਗੀ ਦੀ ਚਰਚਾ ਸ਼ੁਰੂ ਹੋ ਗਈ। ਰਾਜੇ ਦੇ ਕੰਨੀਂ ਵੀ ਕਰਾਮਾਤੀ ਜੋਗੀ ਦੀ ਕਨਸੋ ਪਈ... ਉਹਨੇ ਆਪਣੀਆਂ ਰਾਣੀਆਂ ਸਮੇਤ ਜੋਗੀ ਪਾਸ ਜਾ ਕੇ ਵਰ ਮੰਗਣ ਦਾ ਫ਼ੈਸਲਾ ਕਰ ਲਿਆ।
ਸਲਵਾਨ ਰਾਣੀਆਂ ਸਮੇਤ ਧੂਣਾ ਤਾਪਦੇ ਜੋਗੀ ਪਾਸ ਪੁੱਜ ਗਿਆ। ਪੂਰਨ ਨੇ ਅੱਖੀਆਂ ਖੋਲ੍ਹ ਕੇ ਵੇਖਿਆ... ਉਹਦੇ ਮਾਂ ਬਾਪ ਉਹਦੇ ਸਾਹਮਣੇ ਸਵਾਲੀ ਬਣੇ ਖੜੋਤੇ ਸਨ... ਉਹਨੇ ਸਤਿਕਾਰ ਵਜੋਂ ਉੱਠ ਕੇ ਆਪਣੀ ਮਾਂ ਇਛਰਾਂ ਦੇ ਚਰਨ ਜਾ ਛੂਹੇ।
ਉਹਦੀ ਛੂਹ ਪ੍ਰਾਪਤ ਕਰਕੇ ਇਛਰਾਂ ਬੋਲੀ, "ਵੇ ਪੁੱਤ ਜੋਗੀਆ ਤੂੰ ਤਾਂ ਮੇਰਾ ਪੁੱਤ ਪੂਰਨ ਲਗਦੈ..."
ਕਹਿੰਦੇ ਹਨ ਆਪਣੇ ਪੁੱਤ ਪੂਰਨ ਦੀ ਛਹੁ ਪ੍ਰਾਪਤ ਕਰਦੇ ਹੀ ਇਛਰਾਂ ਦੀਆਂ ਅੱਖੀਆਂ ਵਿੱਚ ਮੁੜ ਜੋਤ ਆ ਗਈ ਅਤੇ ਉਹਦੀਆਂ ਛਾਤੀਆਂ ਵਿੱਚੋਂ ਮਮਤਾ ਦਾ ਦੁੱਧ ਛਲਕ ਪਿਆ।
ਪੂਰਨ ਦੇ ਮੁਖੜੇ ਤੇ ਅਨੂਠਾ ਜਮਾਲ ਸੀ।
ਸਲਵਾਨ ਸੁੰਨ ਹੋਇਆ ਖੜੋਤਾ ਸੀ... ਉਸ ਦੇ ਬੁੱਲ੍ਹ ਫਰਕ ਰਹੇ ਸਨ ਪਰੰਤੂ ਬੋਲਾਂ ਦਾ ਰੂਪ ਨਹੀਂ ਸੀ ਧਾਰ ਰਹੇ। ਲੂਣਾ ਨੇ ਬੜੀ ਅਧੀਨਗੀ ਨਾਲ ਬੇਨਤੀ ਕੀਤੀ, "ਜੋਗੀ ਜੀ, ਸਾਡੇ ਤੇ ਦਿਆ ਕਰੋ ਰਾਜੇ ਨੂੰ ਇਕ ਪੁੱਤਰ ਦੀ ਦਾਤ ਬਖ਼ਸ਼ੋ।
157/ਮਹਿਕ ਪੰਜਾਬ ਦੀ