ਹਰੇ ਇਨਕਲਾਬ ਤੋਂ ਪਹਿਲਾਂ ਹਾੜ੍ਹੀ ਦੀ ਵਢਾਈ ਸਮੇਂ ਸਾਰੇ ਪਿੰਡ ਦਾ ਜੀ ਜੀ ਸਰਗਰਮ ਹੋ ਜਾਂਦਾ ਸੀ। ਕਣਕ ਪੰਜਾਬ ਦੀ ਮੁਖ ਫਸਲ ਸੀ-ਕਣਕ ਦੀ ਵਾਢੀ ਸਮੇਂ ਖੇਤਾਂ 'ਚ ਰੌਣਕਾਂ ਲਗ ਜਾਣੀਆਂ, ਵਾਢਿਆਂ ਨੇ ਲਲਕਾਰੇ ਮਾਰਨੇ, ਕਿਧਰੇ ਦਾਤੀਆਂ ਦੇ ਦੰਦੇ ਕੱਢਣ ਲਈ ਤਰਖਾਣ ਨੇ ਖੇਤੋਂ ਖੇਤ ਫਿਰਨਾ, ਕਿਧਰੇ ਝਿਊਰ ਨੇ ਪਾਣੀ ਦੀ ਮਸ਼ਕ ਭਰਕੇ ਵਾਢੀ ਕਰਨ ਵਾਲਿਆਂ ਨੂੰ ਓਕ ਨਾਲ ਪਾਣੀ ਪਲਾਉਣਾ, ਜੇ ਕਿਸੇ ਜੱਟ ਨੇ ਹਾੜ੍ਹੀ ਵੱਢਣ ਲਈ ਆਵ੍ਹਤ ਲਾਈ ਹੋਣੀ ਤਾਂ ਭਰਾਈ ਨੇ ਢੋਲ ਤੇ ਡੱਗਾ ਮਾਰ ਕੇ ਕਣਕ ਵੱਢਦੇ ਜੱਟਾਂ ਦੇ ਹੌਸਲੇ ਬੁਲੰਦ ਕਰਨੇ, ਮੀਰਾਸੀ ਤੇ ਡੂਮ ਵੀ ਖੇਤੀਂ ਪੁਜ ਜਾਂਦੇ ਸਨ ਉਹ ਵੀ ਨਕਲਾਂ ਲਾ ਕੇ ਉਹਨਾਂ ਦਾ ਥਕੇਵਾਂ ਲਾਹੁੰਦੇ ਸਨ। ਹਰ ਜੱਟ ਨੇ ਝਿਊਰ, ਤਖਾਣ, ਘੁਮਾਰ ਤੇ ਹੋਰ ਲਾਗੀ ਤੱਬੀ ਨੂੰ ਥੱਬਾ-ਥੱਬਾ ਭਰ ਕੇ ਕਣਕ ਦੇ ਲਾਣ ਦਾ ਦੇ ਦੇਣਾ। ਇਸ ਤਰ੍ਹਾਂ ਇਹ ਲਾਗੀ ਕਈ-ਕਈ ਭਰੀਆਂ ਹਰ ਰੋਜ਼ ਦੀਆਂ ਕੱਠੀਆਂ ਕਰ ਲੈਂਦੇ। ਇੰਝ ਉਹ ਆਪਣੇ ਟੱਬਰ ਦੇ ਗੁਜ਼ਾਰੇ ਜੋਗਾ ਸਾਲ ਭਰ ਦਾ ਅਨਾਜ ਕੱਠਾ ਕਰ ਲੈਂਦੇ ਸਨ।
ਸੁਖੀ ਸਾਂਦੀ ਵਸਦੇ ਪੰਜਾਬ ਦੇ ਹਰ ਪਿੰਡ ਦੀਆਂ ਖੁਸ਼ੀਆਂ ਗ਼ਮੀਆਂ ਸਾਂਝੀਆਂ ਸਨ-ਮੇਲੇ ਤਿਉਹਾਰ ਤੇ ਹੋਰ ਰਸਮੋ ਰਿਵਾਜ਼ ਸਾਂਝੇ ਸਨ। ਹਰ ਪਾਸੇ ਮੁਹੱਬਤਾਂ ਦੀ ਲਹਿਰ ਬਹਿਰ ਸੀ। ਪੰਜਾਬ ਦਾ ਕਿਸਾਨ ਇਕ ਦਾਤੇ ਦੇ ਰੂਪ ਵਿੱਚ ਵਿਚਰ ਰਿਹਾ ਸੀ।
ਮਸ਼ੀਨੀ ਸਭਿਅਤਾ ਦੇ ਵਿਕਾਸ ਕਾਰਨ ਪੰਜਾਬ ਦੇ ਪੇਂਡੂ ਜੀਵਨ ਵਿੱਚ ਢੇਰ ਸਾਰੀਆਂ ਤਬਦੀਲੀਆਂ ਆ ਗਈਆਂ ਹਨ-ਪੁਰਾਣਾ ਪੰਜਾਬ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ-ਸਿਰਫ਼ ਯਾਦਾਂ ਬਾਕੀ ਹਨ।
ਪੰਜਾਬ ਦੇ ਪੇਂਡੂ ਲੋਕਾਂ ਦੀ ਭਾਈਚਾਰਕ ਸਾਂਝ, ਮੁਹੱਬਤਾਂ, ਲੋਕ ਨਾਚ, ਖੇਡਾਂ, ਲੋਕ ਗੀਤ, ਰਸਮੋਂ ਰਿਵਾਜ਼ ਅਤੇ ਮੇਲੇ ਮੁਸਾਹਵੇ ਪੰਜਾਬੀ ਸੱਭਿਆਚਾਰ ਦੀਆਂ ਰੂੜ੍ਹੀਆਂ ਹਨ, ਇਨ੍ਹਾਂ ਵਿੱਚ ਪੰਜਾਬੀ ਸਭਿਆਚਾਰ ਤੇ ਲੋਕ ਸੰਸਕ੍ਰਿਤੀ ਦੇ ਅੰਸ਼ ਸਮੋਏ ਹੋਏ ਹਨ।
ਪੰਜਾਬ ਦਾ ਲੋਕ ਸਾਹਿਤ ਜੋ ਮੁੱਖ ਰੂਪ ਵਿੱਚ ਕਿਸਾਨੀ ਲੋਕ ਸਾਹਿਤ ਹੀ ਹੈ, ਅਖਾਣਾਂ, ਬੁਝਾਰਤਾਂ, ਲੋਕ ਗੀਤਾਂ ਅਤੇ ਮਨੋਰੰਜਨ ਦਾ ਵਿਸ਼ੇਸ਼ ਸਾਧਨ ਹੀ ਨਹੀਂ ਰਿਹਾ ਬਲਕਿ ਉਹਨਾਂ ਦੀ ਜੀਵਨ ਅਗਵਾਈ ਵੀ ਕਰਦਾ ਰਿਹਾ ਹੈ। ਇਸ ਵਿੱਚ ਕਿਸਾਨੀ ਜੀਵਨ ਦੇ ਵਿਕਾਸ ਦੀ ਵਿਥਿਆ ਵੀ ਹੈ ਤੇ ਜੀਵਨ ਝਲਕੀਆਂ ਵੀ ਵਿਦਮਾਨ ਹਨ। ਇਸ ਵਿੱਚ ਪੰਜਾਬ ਦੀ ਧਰਤੀ ਦੀ ਮਹਿਕ ਹੈ, ਖ਼ੁਸ਼ਬੂ ਹੈ ਪੰਜਾਬ ਦੀ ਲੋਕ ਆਤਮਾ ਹੈ.... ਰੂਹ ਹੈ॥ ਇਹ ਸਾਡੀ ਵਿਸਰ ਰਹੀ ਅਣਮੋਲ ਵਿਰਾਸਤ ਦਾ ਵੱਡਮੁੱਲਾ ਖ਼ਜ਼ਾਨਾ ਹੈ।
-ਸੁਖਦੇਵ ਮਾਦਪੁਰੀ
ਸਮਾਧੀ ਰੋਡ, ਖੰਨਾ
ਜ਼ਿਲਾ ਲੁਧਿਆਣਾ-141401
14/ ਮਹਿਕ ਪੰਜਾਬ ਦੀ