ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੋਕ ਅਖਾਣ

ਲੋਕ ਸਾਹਿਤ ਆਦਿ ਕਾਲ ਤੋਂ ਹੀ ਜਨ ਸਾਧਾਰਨ ਲਈ ਮਨੋਰੰਜਨ ਦਾ ਵਿਸ਼ੇਸ਼ ਸਾਧਨ ਹੀ ਨਹੀਂ ਰਿਹਾ ਬਲਕਿ ਉਹਨਾਂ ਦੇ ਜੀਵਨ ਦੀ ਅਗਵਾਈ ਵੀ ਕਰਦਾ ਰਿਹਾ ਹੈ। ਮਨੁੱਖ ਦੇ ਜਨਮ ਦੇ ਨਾਲ ਹੀ ਇਸ ਦਾ ਜਨਮ ਹੁੰਦਾ ਹੈ। ਇਹ ਉਹ ਦਰਪਣ ਹੈ ਜਿਸ ਰਾਹੀਂ ਕਿਸੇ ਵਿਸ਼ੇਸ਼ ਖਿੱਤੇ ਅਤੇ ਉਸ ਵਿੱਚ ਵਸਦੇ ਲੋਕਾਂ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਦੇ ਦਰਸ਼ਨ ਹੁੰਦੇ ਹਨ। ਲੋਕ ਸਾਹਿਤ ਪੀੜ੍ਹੀਓ ਪੀੜ੍ਹੀ ਸਾਡੇ ਤੀਕ ਪੁਜਦਾ ਹੈ। ਇਹ ਸਾਡੇ ਇਤਿਹਾਸ ਅਤੇ ਸੱਭਿਆਚਾਰ ਦਾ ਵੱਡ ਮੁੱਲਾ ਸਰਮਾਇਆ ਹੀ ਨਹੀਂ ਸਗੋਂ ਮਾਣ ਕਰਨ ਯੋਗ ਅਤੇ ਸਾਂਭਣ ਯੋਗ ਵਿਰਸਾ ਵੀ ਹੈ। ਲੋਕ ਗੀਤ, ਲੋਕ ਕਹਾਣੀਆਂ, ਲੋਕ ਅਖਾਣ, ਲੋਕ ਬੁਝਾਰਤਾਂ, ਲੋਕ ਨਾਚ ਅਤੇ ਲੋਕ ਖੇਡਾਂ ਪੰਜਾਬੀ ਲੋਕ ਸਾਹਿਤ ਦੇ ਅਨਿਖੜਵੇਂ ਅੰਗ ਹਨ।

ਜਿੱਥੇ ਲੋਕ ਗੀਤ ਜਨ ਸਾਧਾਰਣ ਦੇ ਮਨੋਭਾਵ ਪ੍ਰਗਟਾਣ ਲਈ ਆਪਣਾ ਪ੍ਰਮੁੱਖ ਸਥਾਨ ਰੱਖਦੇ ਹਨ ਉੱਥੇ ਲੋਕ ਅਖਾਣ ਲੋਕਾਂ ਦੇ ਸਦੀਆਂ ਤੋਂ ਕਮਾਏ ਹੋਏ ਤਜਰਬੇ ਅਤੇ ਜੀਵਨ ਦੀਆਂ ਅਟੱਲ ਸੱਚਾਈਆਂ ਨੂੰ ਲੋਕਾਂ ਅੱਗੇ ਉਘਾੜਕੇ ਪੇਸ਼ ਕਰਦੇ ਹਨ-ਇਹ ਉਹ ਬੇਸ਼ਕੀਮਤ ਹੀਰੇ ਮੋਤੀਆਂ ਦੀਆਂ ਲੜੀਆਂ ਹਨ ਜਿਨ੍ਹਾਂ ਵਿੱਚ ਜੀਵਨ ਤੱਤ ਪਰੋਏ ਹੋਏ ਹਨ। ਇਹ ਸਾਡੇ ਜੀਵਨ ਵਿੱਚ ਰਸ ਹੀ ਨਹੀਂ ਘੋਲਦੇ, ਸੋਹਜ ਵੀ ਪੈਦਾ ਕਰਦੇ ਹਨ ਅਤੇ ਜੀਵਨ ਦੀਆਂ ਕਈ ਸਮੱਸਿਆਵਾਂ ਵੀ ਸੁਲਝਾਉਂਦੇ ਹਨ।

ਲੋਕ ਗੀਤਾਂ ਵਾਂਗ ਅਖਾਣ ਵੀ ਕਿਸੇ ਵਿਸ਼ੇਸ਼ ਵਿਅਕਤੀ ਦੀ ਰਚਨਾ ਨਹੀਂ ਹੁੰਦੇ ਬਲਕਿ ਇਹ ਸਮੁੱਚੀ ਕੌਮ ਦੇ ਸਦੀਆਂ ਕਮਾਏ ਹੋਏ ਅਨੁਭਵ ਨੂੰ ਸਮੇਂ ਦੀ ਕੁਠਾਲੀ ਵਿੱਚ ਸੋਧਕੇ ਜੀਵਨ ਪਰਵਾਹ ਵਿੱਚ ਰਲ ਜਾਂਦੇ ਹਨ।

ਮਸ਼ੀਨੀ ਸਭਿਅਤਾ ਦੇ ਪ੍ਰਭਾਵ ਦੇ ਕਾਰਨ ਪੰਜਾਬ ਦੇ ਲੋਕ ਜੀਵਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਹਨ। ਅੱਜ ਪੁਰਾਣਾ ਪੰਜਾਬ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ। ਸਮੁੱਚੇ ਪਿੰਡ ਸੜਕਾਂ ਰਾਹੀਂ ਸ਼ਹਿਰਾਂ ਨਾਲ ਜੁੜ ਗਏ ਹਨ। ਖੇਤੀ-ਬਾੜੀ ਕਰਨ ਦੇ ਢੰਗ ਤਬਦੀਲ ਹੋ ਗਏ ਹਨ। ਹਰਟਾਂ ਦੀ ਥਾਂ ਟਿਉਬਵੈਲ ਅਤੇ ਬਲਦਾਂ ਦੀ ਥਾਂ ਟਰੈਕਟਰ ਆ ਗਏ ਹਨ। ਪਿੰਡਾਂ ਦਾ ਵੀ ਸ਼ਹਿਰੀਕਰਣ ਹੋ ਰਿਹਾ ਹੈ। ਘਰ-ਘਰ ਰੇਡੀਓ ਤੇ ਟੈਲੀਵੀਜ਼ਨ ਸੁਣਾਈ ਦੇਂਦੇ ਹਨ। ਪਿੰਡਾਂ ਵਿੱਚ ਨਾ ਹੁਣ ਪਹਿਲਾਂ ਵਾਂਗ ਸੱਥਾਂ ਤੇ ਮਹਿਫਲਾਂ ਜੁੜਦੀਆਂ ਹਨ ਨਾ ਦੁਪਹਿਰੀਂ ਪਿੰਡਾਂ ਦੇ ਬਰੋਟਿਆਂ-ਟਾਹਲੀਆਂ ਦੀ ਛਾਵੇਂ ਲੋਕ ਮਿਲ ਬੈਠਦੇ ਹਨ, ਨਾ ਕਿਧਰੇ ਤ੍ਰਿੰਝਣਾਂ ਦੀ ਘੂਕਰ ਸੁਣਾਈ ਦਿੰਦੀ ਹੈ ਨਾ ਹੀ ਬਲਦਾਂ ਦੇ ਗਲਾਂ ਵਿੱਚ ਪਾਈਆਂ ਟੱਲੀਆਂ ਦੀ ਟੁਣਕਾਰ। ਪੰਜਾਬ ਦੇ ਲੋਕ ਜੀਵਨ ਵਿੱਚੋਂ ਬਹੁਤ ਕੁਝ ਵਿੱਸਰ ਰਿਹਾ ਹੈ, ਰਾਤ ਨੂੰ ਬਾਤਾਂ

164/ਮਹਿਕ ਪੰਜਾਬ ਦੀ