ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/230

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫਸਲਾਂ

ਜਦੋਂ ਬੁਝਾਰਤਾਂ ਪਾਣ ਦਾ ਅਖਾੜਾ ਜੰਮਦਾ ਹੈ ਤਾਂ ਕਿਸਾਨ ਦਾ ਪਰਿਵਾਰ ਸਮੁੱਚੇ ਰੂਪ ਵਿੱਚ ਜੁੜਕੇ ਬੈਠ ਜਾਂਦਾ ਹੈ। ਉਹ ਆਪਣੀਆਂ ਫਸਲਾਂ, ਪਸ਼ੂਆਂ ਅਤੇ ਖੇਤੀਬਾੜੀ ਦੇ ਸੰਦਾਂ ਨੂੰ ਵਧੇਰੇ ਕਰਕੇ ਬੁਝਾਰਤਾਂ ਦਾ ਵਿਸ਼ਾ ਬਣਾਉਂਦੇ ਹਨ।

ਦਿਨੇ ਕਪਾਹ ਚੁੱਗ ਕੇ ਥੱਕੀਆਂ ਹੋਈਆਂ ਸੁਆਣੀਆਂ ਰਾਤੀਂ ਇਸ ਬਾਰੇ ਬੁਝਾਰਤਾਂ ਪਾ ਕੇ ਆਪਣਾ ਥਕੇਵਾਂ ਲਾਹੁੰਦੀਆਂ ਹਨ———

ਮਾਂ ਜੰਮੀ ਪਹਿਲਾਂ
ਬਾਪੂ ਜੰਮਿਆ ਪਿੱਛੋਂ
ਬਾਪੂ ਨੇ ਅੱਖ ਮਟਕਾਈ
ਵਿੱਚੋਂ ਦਾਦੀ ਨਿਕਲ ਆਈ।

ਉਪਰੋਕਤ ਬੁਝਾਰਤ ਸੁਣ ਕੇ ਚਾਰੇ ਬੰਨੇ ਹਾਸਾ ਛਣਕ ਪੈਂਦਾ ਹੈ। ਕੋਈ ਸੂਝਵਾਨ ਸਰੋਤਾ ਹੀ ਬੜੇਵੇਂ ਦੇ ਬੀਜਣ ਤੋਂ ਲੈ ਕੇ ਕਪਾਹ ਖਿੜਨ ਤੀਕਰ ਦੀ ਕਹਾਣੀ ਦੱਸ ਕੇ ਉੱਤਰ ਦੇਂਦਾ ਹੈ।

ਬੁਝਾਰਤ ਅੱਗੇ ਤੁਰਦੀ ਹੈ———

ਬੀਜੇ ਰੋੜ
ਜੰਮੇ ਝਾੜ
ਲੱਗੇ ਨੇਂਬੂ
ਖਿੜੇ ਅਨਾਰ

ਅਤੇ

ਚਿੱਟੀ ਭੌਂ ਤਿਲਾਂ ਦੇ ਬੰਨੇ
ਬੁਝਣੀ ਐਂ ਬੁੱਝ
ਨਹੀਂ ਲੈ ਜਾਊਂ ਖੰਨੇ

ਕਪਾਹ ਦਾ ਵਰਣਨ ਸੁਣ ਕੇ ਕਿਸੇ ਚੋਗੀ ਦੀਆਂ ਅੱਖਾਂ ਅੱਗੇ ਖਿੜੀ ਹੋਈ ਕਪਾਹ ਦੇ ਖੇਤ ਦਾ ਨਜ਼ਾਰਾ ਅਤੇ ਚੁਗੇ ਜਾਣ ਗਰੋਂ ਖੇਤ ਦੀ ਤਰਸਯੋਗ ਹਾਲਤ ਆ ਲਟਕਦੀ ਹੈ———

ਆੜ ਭਮਾੜ ਮੇਰੀ ਮਾਸੀ ਵਸਦੀ
ਜਦ ਮੈਂ ਜਾਵਾਂ ਖਿੜ-ਖਿੜ ਹੱਸਦੀ
ਜਦ ਮੈਂ ਆਵਾਂ ਰੋ-ਰੋ ਮਰਦੀ

ਅਤੇ

ਹੱਸਣਾ ਛੱਡੋ ਸਹੇਲੀਓ

228/ਮਹਿਕ ਪੰਜਾਬ ਦੀ