ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/231

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛੱਡ ਜਾਣਾ ਸੰਸਾਰ ਜੋ ਹੱਸਿਆ ਸੋ ਲੁੱਟਿਆ ਸਣੇ ਸਾਰੇ ਘਰ ਬਾਰ

ਜਦੋਂ ਕਪਾਹ ਦੇ ਟੀਂਡੇ ਖਿੜਨ ਦੀ ਤਿਆਹੀ ਕਰਨ ਲੱਗਦੇ ਹਨ ਤਾਂ ਕਪਾਹ ਦੇ ਖੇਤ ਵਿੱਚ ਉੱਗੇ ਹੋਏ ਖ਼ਰਬੂਜ਼ਿਆਂ ਨੂੰ ਆਪਣੀ ਜਾਨ ਦਾ ਫਿਕਰ ਪੈ ਜਾਂਦਾ ਹੈ———

ਮੂੰਹ ਮੀਟ ਮੂੰਹ ਮੀਟ ਸਜਣਾ
ਤੈਨੂੰ ਲੈਣ ਆਉਣਾ
ਮੈਨੂੰ ਨਹੀਂ ਛੱਡਣਾ

ਜਾਂ

ਮੂੰਹ ਮੀਚ ਸਹੁਰੇ ਦਿਆ ਅਣਜਾਣਾ
ਆਉਣਗੇ, ਤੈਨੂੰ ਲੈ ਜਾਣਗੇ
ਛੱਡ ਕੇ ਮੈਨੂੰ ਵੀ ਨਹੀਂ ਜਾਣਾ

ਜਿੱਥੇ ਕਪਾਹ ਦਾ ਜ਼ਿਕਰ ਆਉਂਦਾ ਹੈ, ਉੱਥੇ ਕਪਾਹ ਦੇ ਜਨਮ ਦਾਤੇ ਬੜੇਵੇਂ ਦੀ ਦੁਰਦਸ਼ਾ ਹਾਸਾ ਉਪਜਾਉਣ ਵਿੱਚ ਕੋਈ ਕਸਰ ਨਹੀਂ ਛੱਡਦੀ———

ਦਖਾਣੀਂ ਲੁਹਾਰੀਂ ਸੰਦ ਮਿਲੇ
ਮਿਲੇ ਜੱਫੀਆਂ ਪਾ ਕੇ
ਖੋਹ ਦਾਹੜੀ ਪੱਟ ਮੁੱਛਾਂ
ਛੱਡੇ ਨੰਗ ਬਣਾ ਕੇ

ਜਾਂ

ਸਾਕਾਂ ਦੇ ਘਰ ਸਾਕ ਆਏ
ਮਿਲੇ ਜੱਫੀਆਂ ਪਾ ਕੇ
ਕੋਹ ਦਾਹੜੀ ਪੱਟ ਮੁੱਛਾਂ
ਘੱਲੇ ਨੰਗ ਬਣਾ ਕੇ

ਅਤੇ



ਉੱਚੇ ਟਿੱਬੇ ਸਿਰ ਮੁਨਾਇਆ
ਰੁੜ੍ਹਦਾ-ਰੁੜ੍ਹਦਾ ਘਰ ਨੂੰ ਆਇਆ

ਜਾਂ

ਸਾਧੂ ਇੱਕ ਪਹਾੜੀ ਚੜ੍ਹਿਆ
ਦਾੜ੍ਹੀ ਮੁੱਛ ਮੁਨਾ ਕੇ ਮੁੜਿਆ

ਹੋਰ

ਬਾਤ ਪਾਵਾਂ ਬਤੌਲੀ ਪਾਵਾਂ
ਬਾਤ ਨੂੰ ਲੱਗੇ ਝਾਵਾਂ
ਆਪ ਤਾਂ ਅੜੀਏ ਲੰਘ ਗਈਓਂ

229/ਮਹਿਕ ਪੰਜਾਬ ਦੀ