ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/305

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁੰਡਿਆਂ ਦੇ ਗੀਤ
1
ਕੋਠੇ ਉੱਤੇ ਕਾਨਾ
ਗੁੜ ਦੇਵੇ ਮੁੰਡੇ ਦਾ ਨਾਨਾ
ਸਾਡੀ ਲੋਹੜੀ ਮਨਾ ਦੋ
ਚੁਬਾਰੇ ਉੱਤੇ ਕਾਂ
ਗੁੜ ਦੇਵੇ ਮੁੰਡੇ ਦੀ ਮਾਂ
ਸਾਡੀ ਲੋਹੜੀ ਮਨਾ ਦੋ
ਕੋਠੇ ਉੱਤੇ ਕਾਨੀ
ਗੁੜ ਦੇਵੇ ਮੁੰਡੇ ਦੀ ਨਾਨੀ
ਸਾਡੀ ਲੋਹੜੀ ਮਨਾ ਦੋ
2
ਉੱਖਲੀ 'ਚ ਸੀਖਾਂ
ਥੋਡੇ ਬੁੜੇ ਦੇ ਪੈ ਗਈਆਂ ਲੀਖਾਂ
ਸਾਡੀ ਲੋਹੜੀ ਮਨਾ ਦੋ
3
ਲੋਹੜੀ ਬਈ ਲੋਹੜੀ
ਦਿਓ ਗੁੜ ਦੀ ਰੋੜੀ ਵਈ ਰੋੜੀ
4
ਕਲਮਦਾਨ ਵਿੱਚ ਘਿਓ
ਜੀਵੇ ਮੁੰਡੇ ਦਾ ਪਿਓ
ਕਲਮਦਾਨ ਵਿੱਚ ਕਾਂ
ਜੀਵੇ ਮੁੰਡੇ ਦੀ ਮਾਂ
ਕਲਮਦਾਨ ਵਿੱਚ ਕਾਨਾ
ਜੀਵੇ ਮੁੰਡੇ ਦਾ ਨਾਨਾ
ਕਲਮਦਾਨ ਵਿੱਚ ਕਾਨੀ
ਜੀਵੇ ਮੁੰਡੇ ਦੀ ਨਾਨੀ
5
ਕੋਠੇ ਤੇ ਪੰਜਾਲੀ
ਤੇਰੇ ਮੁੰਡੇ ਹੋਣਗੇ ਚਾਲੀ
ਸਾਡੀ ਲੋਹੜੀ ਮਨਾ ਦੋ

303/ਮਹਿਕ ਪੰਜਾਬ ਦੀ