ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/320

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਚਰਾ ਜੱਟ

ਇੱਕ ਵਾਰੀ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਜੱਟ ਦੀ ਖੇਤੀ ਦਾ ਕੰਮ ਬੜੇ ਸੁਚੱਜੇ ਢੰਗ ਨਾਲ ਚਲ ਰਿਹਾ ਸੀ। ਉਹਨਾਂ ਦੇ ਟਾਕਰੇ ਵਿੱਚ ਦੂਜੇ ਜੱਟਾਂ ਦੀਆਂ ਫ਼ਸਲਾਂ ਕੁਝ ਵੀ ਨਹੀਂ ਸਨ ਹੁੰਦੀਆਂ।

ਉਸ ਜੱਟ ਦੇ ਐਨ-ਗੁਆਂਢ ਵਿੱਚ ਇੱਕ ਜੁਲਾਹਿਆਂ ਦਾ ਟੱਬਰ ਆ ਕੇ ਰਹਿਣ ਲੱਗਾ। ਉਹਨਾਂ ਦਾ ਤਾਣੇ ਪੇਟੇ ਦਾ ਕੰਮ ਬੜਾ ਚੰਗਾ ਚਲ ਰਿਹਾ ਸੀ। ਆਪਣੇ ਗੁਆਂਢੀ ਜੱਟ ਦੀ ਚੰਗੀ ਆਮਦਨ ਵੇਖ ਕੇ ਉਹਨਾਂ ਨੇ ਵੀ ਖੇਤੀ ਦਾ ਧੰਦਾ ਕਰਨ ਲਈ ਆਪਣਾ ਮਨ ਬਣਾ ਲਿਆ। ਉਹਨਾਂ ਨੇ ਫੈਸਲਾ ਕੀਤਾ ਕਿ ਜਿਵੇਂ ਉਹਨਾਂ ਦਾ ਗੁਆਂਢੀ ਜੱਟ ਕਰੇਗਾ ਉਸੇ ਤਰ੍ਹਾਂ ਉਹ ਵੀ ਖੇਤੀ ਦਾ ਕੰਮ ਕਰਨਗੇ।

ਆਖਰ ਜੁਲਾਹਿਆਂ ਨੇ ਆਪਣਾ ਧੰਦਾ ਤਿਆਗ ਕੇ ਵਟਾਈ ਉੱਤੇ ਜ਼ਮੀਨ ਲੈ ਲਈ ਅਤੇ ਬਲਦਾਂ ਦੀ ਜੋੜੀ ਖ਼ਰੀਦ ਲਿਆਂਦੀ।
ਸਾਉਣੀ ਦੀ ਫਸਲ ਦੇ ਦਿਨ ਸਨ।
ਜੁਲਾਹਿਆਂ ਦਾ ਗੁਆਂਢੀ ਜੱਟ-ਟੱਬਰ ਦੂਜੀ ਭਲਕ ਕੀਤੇ ਜਾਣ ਵਾਲੇ ਕੰਮਾਂ ਬਾਰੇ ਰਾਤ ਸਮੇਂ ਸਲਾਹ ਕਰਿਆ ਕਰਦਾ ਸੀ। ਉਹਨਾਂ ਦਾ ਵਡਾਰੂ ਉਹਨਾਂ ਦੀ ਪੂਰੀ ਅਗਵਾਈ ਕਰਦਾ, "ਮੁੰਡਿਓ ਸਵੇਰੇ ਸਾਜਰੇ ਜਾ ਕੇ ਹਲ਼ ਜੋੜ ਲੈਣਾ: ਨਾਲੇ ਫਲਾਹੀ ਆਲੇ ਖੇਤ ਨੂੰ ਬੀਜ ਦੇਣਾ ਨਹੀਂ ਤਾਂ ਉਹਦੀ ਗੱਲ ਸੁੱਕ ਜਾਊਗੀ।"
ਜੁਲਾਹੇ ਜੱਟ ਦੀ ਕੰਧ ਨਾਲ ਕੰਨ ਲਾ ਕੇ ਭਲਕੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਸੁਣਦੇ ਅਤੇ ਜੱਟਾਂ ਤੋਂ ਪਹਿਲਾਂ ਉੱਠ ਕੇ ਹਲ ਆਦਿ ਜੋੜ ਲੈਂਦੇ। ਇਸ ਪਰਕਾਰ ਉਹ ਉਸ ਜੱਟ ਨਾਲੋਂ ਕੰਮ ਵਿੱਚ ਅੱਗੇ ਵੱਧ ਰਹੇ ਸਨ ਅਤੇ ਹਰ ਕੰਮ ਵਿੱਚ ਪਹਿਲ ਕਰ ਜਾਂਦੇ ਸਨ। ਸਾਉਣੀ ਦੀ ਬਿਜਾਈ ਉਹਨਾਂ ਨੇ ਜੱਟ ਨਾਲੋਂ ਅਗੇਤੀ ਕਰ ਲਈ ਤੇ ਲੱਗੇ ਜੱਟ ਨੂੰ ਟਿੱਚਰਾ ਕਰਨ।
"ਖੇਤੀ ਸੁਹਰੀ ਦਾ ਕੀ ਐ-ਕਿਹੜਾ ਵੇਦ ਪੜ੍ਹਨੇ ਨੇ, ਹਲ਼ ਵਾਹਿਆ, ਦਾਣੇ ਬੀਜੇ ਤੇ ਫਸਲ ਤਿਆਰ। ਜੱਟ ਐਵੇਂ ਸਦੀਆਂ ਤੋਂ ਇਹ ਕੰਮ ਕਰਦੇ ਆ ਰਹੇ ਨੇ.... ਅਸੀਂ ਸਜਰੀ ਖੇਤੀ ਕੀਤੀ ਐ ਤੇ ਸਾਰਿਆਂ ਨਾਲੋਂ ਅੱਗੇ ਲੰਘ ਗਏ ਆਂ। ਸਾਡੇ ਮੱਕੀ ਦੇ ਖੇਤਾਂ ਵਿੱਚ ਜਾ ਕੇ ਤਾਂ ਵੇਖੋ ਕਿਵੇਂ ਮੱਕੀ ਦੇ ਟਾਂਡੇ ਗਧੇ ਦੇ ਬੱਚੇ ਦੇ ਕੰਨਾਂ ਵਾਂਗ ਸੁਹਣੇ ਲੱਗਦੇ ਨੇ...।"
ਵਡਾਰੂ ਜੁਲਾਹੇ ਦੀਆਂ ਫੜ੍ਹਾਂ ਸੁਣ ਕੇ ਮੁਛਾਂ ’ਚ ਮੁਸਕਰਾਇਆ। ਉਹ ਇਹ ਜਾਣਦਾ ਸੀ ਕਿ ਜੁਲਾਹਿਆਂ ਨੂੰ ਖੇਤੀ ਬਾਰੇ ਪੂਰੀ ਜਾਣਕਾਰੀ ਨਹੀਂ। ਜੋ ਕੁਝ ਵੀ ਉਹਨਾਂ ਨੇ ਹੁਣ ਤੀਕ ਕੀਤਾ ਹੈ ਉਹ ਉਸ ਦੀ ਅਗਵਾਈ ਕਰਕੇ ਕੀਤਾ ਹੈ। ਜੱਟ ਖਚਰਾ ਵੀ ਬੜਾ ਹੁੰਦਾ ਹੈ। ਵਡਾਰੂ ਵਿਚਲਾ ਖਚਰਾ ਜੱਟ ਜਾਗ ਪਿਆ।

318/ਮਹਿਕ ਪੰਜਾਬ ਦੀ