ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/326

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੱਟ ਮਚਲਾ

ਇੱਕ ਵਾਰੀ ਦੀ ਗੱਲ ਹੈ ਕਿ ਇੱਕ ਜੱਟ ਫੌਜਦਾਰੀ ਦੇ ਮੁਕੱਦਮੇ ਵਿੱਚ ਫਸ ਗਿਆ। ਜੱਟ ਚਾਹੁੰਦਾ ਸੀ ਕਿ ਉਹ ਕਿਵੇਂ ਨਾ ਕਿਵੇਂ ਬਰੀ ਹੋ ਜਾਵੇ। ਜੱਟ ਦਾ ਵਕੀਲ ਵੀ ਬਹੁਤ ਹੁਸ਼ਿਆਰ ਸੀ। ਉਸ ਨੂੰ ਫੁਰਨਾ ਫੁਰਿਆ:ਕਿਉਂ ਨਾ ਜੱਟ ਨੂੰ ਪਾਗਲ ਸਿੱਧ ਕੀਤਾ ਜਾਵੇ। ਵਕੀਲ ਨੇ ਜੱਟ ਨੂੰ ਸਿੱਖਿਆ ਦੇ ਦਿੱਤੀ, “ਜੱਟਾ ਮਚਲਾ ਬਣ ਜਾ ਸਰਕਾਰੀ ਵਕੀਲ ਅਤੇ ਜੱਜ ਜਿਹੜੀ ਵੀ ਗੱਲ ਤੇਰੇ ਪਾਸੋਂ ਪੁੱਛਣ-ਤੂੰ ਉੱਤਰ ਵਿੱਚ 'ਉਰਰ' ਆਖ ਦਿਆ ਕਰੀਂ।"

ਮੁਕੱਦਮਾ ਅਦਾਲਤ ਸਾਹਮਣੇ ਪੇਸ਼ ਹੋਇਆ।
ਜੱਜ ਨੇ ਮੁਜਰਮ ਤੋਂ ਉਸ ਦਾ ਨਾਂ ਪੁੱਛਿਆ।
ਜੱਟ ਨੇ ਝੱਟ ਉੱਤਰ ਦਿੱਤਾ, “ਉਰਰ .....।"
ਸਰਕਾਰੀ ਵਕੀਲ ਤੇ ਜੱਜ ਜਿਹੜਾ ਵੀ ਪ੍ਰਸ਼ਨ-ਜੱਟ ਤੇ ਕਰਨ, ਜੱਟ ਉਸ ਦਾ ਉੱਤਰ-"ਉੱਰਰ" ਵਿੱਚ ਦੇਵੇ.....।
ਜੱਜ ਨੇ ਜੱਟ ਨੂੰ ਪਾਗਲ ਸਮਝ ਕੇ ਬਰੀ ਕਰ ਦਿੱਤਾ। ਜੱਟ ਤੇ ਉਸ ਦੇ ਵਕੀਲ ਨੂੰ ਖ਼ੁਸ਼ੀਆਂ ਚੜ੍ਹ ਗਈਆਂ।ਵਕੀਲ ਨੂੰ ਆਪਣੀ ਫੀਸ ਤੋਂ ਬਿਨਾਂ ਹੋਰ ਇਨਾਮ ਮਿਲਣ ਦੀ ਆਸ ਸੀ। ਵਕੀਲ ਨੇ ਜਦ ਜੱਟ ਪਾਸੋਂ ਆਪਣੀ ਫੀਸ ਮੰਗੀ ਤਾਂ ਅੱਗੋਂ ਮਚਲੇ ਜੱਟ ਨੇ “ਊਰਰ" ਆਖ ਦਿੱਤਾ।
ਵਕੀਲ ਜੱਟ ਦਾ ਮੂੰਹ ਵੇਖਦਾ ਰਹਿ ਗਿਆ।

324/ਮਹਿਕ ਪੰਜਾਬ ਦੀ