ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/329

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਰਖ ਜੁਲਾਹਾ ਜੱਟ ਬਣਿਆਂ

ਇੱਕ ਵਾਰ ਦੀ ਗੱਲ ਹੈ ਇੱਕ ਜੁਲਾਹੇ ਨੂੰ ਖੇਤੀ ਕਰਨ ਦਾ ਸ਼ੌਕ ਜਾਗਿਆ. ਉਹ ਆਪਣੇ ਗੁਆਂਢੀ ਜੱਟ ਨੂੰ ਜਾ ਕੇ ਆਖਣ ਲੱਗਾ, "ਸਰਦਾਰਾ ਸਿਆਂ ਐਤਕੀਂ ਤੂੰ ਕੋਈ ਸਾਂਝੀ ਨਾ ਰਲਾਈਂ। ਆਪਾਂ ਦੋਏ ਰਲ ਕੇ ਪੰਚਾਇਤ ਆਲੀ ਜ਼ਮੀਨ ਚਗੋਤੇ ਤੇ ਲੈ ਲੈਨੇ ਆਂ। ਆਪਣੀ ਸਾਂਝ ਪੱਕੀ ਰਹੀ।"
ਜੱਟ ਤੇ ਜੁਲਾਹੇ ਨੇ ਸਾਂਝੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜੱਟ ਚਲਾਕ ਤੇ ਮਚਲਾ ਸੀ-ਉਹ ਆਪ ਤਾਂ ਤੁਰ ਫਿਰ ਛੱਡਦਾ ਤੇ ਜੁਲਾਹੇ ਨੂੰ ਔਖੇ ਕੰਮ ਤੇ ਲਾ ਛੱਡਦਾ। ਜੁਲਾਹਾ ਬੜੇ ਚਾਅ ਨਾਲ ਕੰਮ ਕਰਦਾ।
ਕਮਾਦ ਦੀ ਫਸਲ ਪੱਕ ਕੇ ਤਿਆਰ ਹੋ ਗਈ। ਜੱਟ ਨੇ ਜੁਲਾਹੇ ਨੂੰ ਕਿਹਾ, "ਦੱਸ ਬਈ ਤੂੰ ਕਿਹੜਾ ਹਿੱਸਾ ਲੈਣੈ। ਉਪਰਾਲਾ ਜਾਂ ਥੱਲੇ ਦਾ।"
ਜੁਲਾਹੇ ਨੇ ਕਮਾਦ ਦੇ ਲਹਿ ਲਹਾਂਦੇ ਖੇਤ ਵੱਲ ਨਿਗਾਹ ਮਾਰੀ। ਉਸ ਨੂੰ ਹਰੇ ਕਚੂਰ ਆਗ ਚੰਗੇ ਲੱਗੇ, ਉਹਨੇ ਆਪਣੇ ਮਨ ਨਾਲ ਸਲਾਹ ਕੀਤੀ, "ਮੈਂ ਲੱਕੜੀਆਂ ਵਰਗੇ ਗੰਨਿਆਂ ਨੂੰ ਕੀ ਕਰਨੈ, ਹਰੇ ਕਚੂਰ ਆਗ ਮੈਂ ਆਪਣੇ ਪਸ਼ੂਆਂ ਨੂੰ ਪਾਊਂਗਾ।" ਮਨੋ ਮਨ ਸੋਚਕੇ ਜੁਲਾਹਾ ਬੋਲਿਆ, "ਉਪਰਲਾ ਹਿੱਸਾ ਮੇਰਾ ਤੇ ਥੱਲੇ ਦਾ ਤੇਰਾ।"
ਜੱਟ ਨੇ ਕਮਾਦ ਦੇ ਆਗ ਵੱਢ ਕੇ ਜੁਲਾਹੇ ਨੂੰ ਦੇ ਦਿੱਤੇ ਤੇ ਗੰਨੇ ਆਪ ਲੈ ਗਿਆ। ਜਦ ਜੁਲਾਹਾ ਆਗਾਂ ਦਾ ਭਰਿਆ ਗੱਡਾ ਲੈ ਕੇ ਘਰ ਆਇਆ ਤਾਂ ਉਹਦੀ ਜੁਲਾਹੀ ਉਹਦੇ ਮਗਰ ਪੈ ਗਈ, "ਜੇ ਬੰਦੇ ਨੂੰ ਆਪ ਅਕਲ ਨਾ ਹੋਵੇ ਤਾਂ ਦੂਜੇ ਤੋਂ ਉਧਾਰੀ ਮੰਗ ਲਵੇ। ਅਸਲ ਚੀਜ ਤਾਂ ਜੱਟ ਨੂੰ ਦੇ ਆਇਐਂ। ਗੰਨਿਆਂ ਦਾ ਰਸ ਕਾੜ੍ਹ ਕੇ ਜੱਟ ਨੇ ਤਾਂ ਗੁੜ ਬਣਾ ਲੈਣੈਂ ਤੇ ਤੂੰ ਇਹਨਾਂ ਆਗਾਂ ਨੂੰ ਵੇਖਦਾ ਰਹੀਂ। ਜੁਲਾਹੀ ਕਾਫੀ ਸਮਾਂ ਫਿਟ ਲਾਅਣਤਾਂ ਪਾਉਂਦੀ ਰਹੀ। ਜੁਲਾਹੇ ਨੂੰ ਬੜਾ ਅਫਸੋਸ ਹੋਇਆ। ਉਹਨੇ ਸੋਚਿਆ ਬਈ ਜੱਟ ਨੇ ਤਾਂ ਉਹਨੂੰ ਬੁੱਧੂ ਬਣਾ ਕੇ ਰਗੜਾ ਲਾ ਦਿੱਤੈ। ਖੈਰ ਉਹਨੇ ਜੱਟ ਨਾਲ ਬਿਗੜਨਾ ਠੀਕ ਨਾ ਸਮਝਿਆ। ਦੋ ਕੁ ਮਹੀਨਿਆਂ ਨੂੰ ਕਣਕ ਦੀ ਫਸਲ ਪੱਕਣ ਆਲੀ ਸੀ।
ਕਣਕ ਪੱਕ ਗਈ। ਜੁਲਾਹਾ ਜੱਟ ਨੂੰ ਆਖਣ ਲੱਗਾ, "ਅੱਗੇ ਤੂੰ ਮੂਰਖ ਬਣਾ ਕੇ ਥੱਲੇ ਦਾ ਪਾਸਾ ਆਪ ਲੈ ਗਿਐਂ ਐਤਕੀਂ ਨੀ ਮੈਂ ਮੂਰਖ ਬਣਨਾ। ਐਤਕੀਂ ਮੈਂ ਥੱਲੇ ਦਾ ਪਾਸਾ ਲਊਂਗਾ। ਉਪਰਲਾ ਪਾਸਾ ਤੇਰਾ ਰਿਹਾ।"
ਜੱਟ ਮਚਲਾ ਬਣਿਆ ਰਿਹਾ, "ਬਈ ਜਿਵੇਂ ਤੇਰੀ ਮਰਜ਼ੀ, ਅਸੀਂ ਤੇਰੇ ਤੋਂ ਨਾਬਰ ਆਂ।"
ਜੱਟ ਨੇ ਕਣਕ ਦੀਆਂ ਬੱਲੀਆਂ ਸਾਂਭ ਲਈਆਂ ਤੇ ਜੁਲਾਹਾ ਕਣਕ ਦੀ ਨਾਲੀ ਦਾ ਭਰਿਆ ਹੋਇਆ ਗੱਡਾ ਲੈ ਕੇ ਘਰ ਆ ਗਿਆ ਤੇ ਖੁਸ਼ੀ-ਖੁਸ਼ੀ ਜੁਲਾਹੀ ਨੂੰ ਆਖਣ

327/ਮਹਿਕ ਪੰਜਾਬ ਦੀ