ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/335

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਹੀ ਦੀ ਕਾਰ

ਇੱਕ ਵਾਰੀ ਦੀ ਗੱਲ ਹੈ ਕਿ ਇੱਕ ਜੱਟੀ ਆਪਣੇ ਜੱਟ ਦੀ ਰੋਟੀ ਲੈ ਕੇ ਦੇਰ ਨਾਲ ਖੇਤ ਵਿੱਚ ਪੁੱਜੀ। ਜੱਟ ਤੜਕੇ ਦਾ ਹੱਲ ਵਾਹ ਰਿਹਾ ਸੀ-ਭੁੱਖ ਦੇ ਕਾਰਨ ਉਸ ਦਾ ਬੁਰਾ ਹਾਲ ਹੋ ਰਿਹਾ ਸੀ। ਉਸ ਨੂੰ ਰੋਟੀ ਦੇਰ ਨਾਲ ਆਉਣ ਤੇ ਆਪਣੀ ਤੀਵੀਂ ਤੇ ਬੜਾ ਗੁੱਸਾ ਆਇਆ। ਉਹ ਉਸ ਨੂੰ ਝਾੜਨ ਲੱਗਾ। ਅੱਗੋਂ ਜੱਟੀ ਨੇ ਜੱਟ ਦਾ ਮਖੌਲ ਉਡਾਕੇ ਆਖਿਆ:
ਹਲੇ ਦਾ ਕੀ ਵਾਹੁਣ ਏ
ਤੇ ਪਿੱਛੇ-ਪਿੱਛੇ ਜਾਣ ਏ
ਘਾਹੇ ਦਾ ਕੀ ਕੱਪਣ ਏ
ਭਰ ਕਲਾਵੇ ਸੱਟਣ ਏ
ਔਖਾ ਪੀਹਣ ਪਕਾਣ ਏ
ਸੌਖਾ ਬਹਿਕੇ ਖਾਣ ਏ
ਜੱਟ ਇਹ ਗੱਲ ਸੁਣ ਕੇ ਹੱਸਣ ਲੱਗ ਪਿਆ ਤੇ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ, "ਭਾਗਵਾਨੇ ਕੱਲ੍ਹ ਨੂੰ ਤੂੰ ਹਲ ਵਾਹੀਂ, ਮੈਂ ਤੇਰੇ ਲਈ ਰੋਟਾ ਪਕਾ ਕੇ ਭੱਤਾ ਲੈਕੇ ਆਉਂਗਾ। ਫੇਰ ਤੈਨੂੰ ਪਤਾ ਲੱਗ ਜਾਵੇਗਾ ਕਿ ਕਿਹੜਾ ਕੰਮ ਸੌਖਾ ਏ ਤੇ ਕਿਹੜਾ ਔਖਾ।
ਉਹਦੀ ਤੀਵੀਂ ਨੇ ਇਹ ਗੱਲ ਮੰਨ ਲਈ।
ਦੂਜੀ ਭਲਕ ਜੱਟੀ ਹਲ਼ ਜੋੜਕੇ ਖੇਤ ਨੂੰ ਚਲੀ ਗਈ ਤੇ ਜੱਟ ਘਰ ਦਾ ਕੰਮ ਧੰਦਾ ਕਰਨ ਲੱਗਾ। ਆਟਾ ਗੁੰਨ੍ਹਣ ਲੱਗਿਆਂ ਜੱਟ ਨੇ ਇੱਕ ਫਟੇ ਕਮੀਜ਼ ਦੀਆਂ ਲੀਰਾਂ ਬਣਾਕੇ ਆਟੇ ਵਿੱਚ ਗੁੰਨ੍ਹ ਦਿੱਤੀਆਂ ਅਤੇ ਰੋਟੀ ਪਕਾਕੇ ਖੇਤ ਵੱਲ ਤੁਰ ਪਿਆ। ਰੋਟੀਆਂ ਵੀ ਅੱਧ ਕੱਚੀਆਂ ਅਤੇ ਲੂਹੀਆਂ ਪਈਆਂ ਸਨ। ਓਧਰ ਜੱਟੀ ਹਲ ਚਲਾਕੇ ਹਾਲੋਂ ਬੇਹਾਲ ਹੋਈ ਪਈ ਸੀ ਅਤੇ ਭੁੱਖ ਨਾਲ ਉਸ ਦਾ ਬੁਰਾ ਹਾਲ ਹੋ ਰਿਹਾ ਸੀ ਅਤੇ ਉਹ ਅੱਡੀਆਂ ਚੁੱਕ-ਚੁੱਕ ਰੋਟੀ ਦੀ ਉਡੀਕ ਕਰ ਰਹੀ ਸੀ।
ਜੱਟ ਨੇ ਸੜੀਆਂ ਲੂਹੀਆਂ ਰੋਟੀਆਂ ਜੱਟੀ ਦੇ ਅੱਗੇ ਰੱਖ ਦਿੱਤੀਆਂ।ਉਹ ਗੜੱਪ ਗੜੱਪ ਕਰਕੇ ਖਾ ਗਈ। ਉਸਨੂੰ ਇਹ ਵੀ ਪਤਾ ਨਾ ਲੱਗਾ ਕਿ ਰੋਟੀਆਂ ਵਿੱਚ ਲੀਰਾਂ ਪਾਈਆਂ ਹੋਈਆਂ ਹਨ। ਜਦੋਂ ਜੱਟੀ ਰੋਟੀ ਖਾ ਬੈਠੀ ਤਾਂ ਜੱਟ ਨੇ ਹੱਸ ਕੇ ਆਖਿਆ,
ਵਾਹ ਨੀ ਮੇਰੀਏ ਰਾਣੀਏਂ
ਡਾਹਢੀ ਭੁੱਖਣ ਭਾਣੀਏਂ
ਚੋਲੀ ਖਾਧੀ ਆ
ਸਣ ਤਾਣੀਏਂ

333/ਮਹਿਕ ਪੰਜਾਬ ਦੀ