ਏਕਾ
ਪੁਰਾਣੀ ਗੱਲ ਹੈ। ਇੱਕ ਜੱਟ ਦੇ ਚਾਰ ਪੁੱਤ ਸਨ ਪਰ ਚਾਰੇ ਨਕੰਮੇ। ਹਰ ਸਮੇਂ ਆਪਸ ਵਿੱਚ ਅਤੇ ਲੋਕਾਂ ਨਾਲ ਲੜਦੇ ਝਗੜਦੇ ਰਹਿੰਦੇ। ਜੱਟ ਵਿਚਾਰਾ ਉਹਨਾਂ ਤੋਂ ਬਹੁਤ ਦੁਖੀ ਸੀ।ਉਹਨੇ ਉਨ੍ਹਾਂ ਨੂੰ ਬਥੇਰਾ ਸਮਝਾਇਆ, ਪਰ ਕਿਸੇ ਨੇ ਇੱਕ ਨਾ ਮੰਨੀ ਅਖ਼ੀਰ ਉਹ ਬੀਮਾਰ ਪੈ ਗਿਆ।
ਬੀਮਾਰੀ ਟੁੱਟਣ ’ਚ ਨਾ ਆਵੇ। ਉਹ ਨੂੰ ਆਪਣੇ ਇਲਤੀ ਅਤੇ ਨਾਲਾਇਕ ਮੁੰਡਿਆਂ ਦਾ ਝੋਰਾ ਲੱਗਿਆ ਹੋਇਆ ਸੀ। ਉਹ ਸੋਚਦਾ ਮੇਰੀ ਮੌਤ ਤੋਂ ਮਗਰੋਂ ਉਹ ਕਿਵੇਂ ਗੁਜਾਰਾ ਕਰਨਗੇ।
ਇੱਕ ਦਿਨ ਉਹਦਾ ਜੀ ਕੁਝ ਵਧੇਰੇ ਹੀ ਤੰਗ ਹੋ ਗਿਆ। ਸਾਹ ਵੀ ਕੁਝ ਖਿਚਵਾਂ ਹੋ ਗਿਆ। ਉਹਨੇ ਆਪਣੇ ਚੁਹਾਂ ਪੁੱਤਾਂ ਨੂੰ ਕੋਲ ਬੁਲਾਇਆ-ਖਬਰੇ ਆਖਰੀ ਸਮੇਂ ਦੀ ਆਖੀ ਹੋਈ ਗੱਲ ਇਹਨਾਂ ਦੀ ਮੱਤ ਟਕਾਣੇ ਲੈ ਆਵੇ। | ਚਾਰੇ ਪੁੱਤਰ, ਬੀਮਾਰ ਪਿਓ ਦੇ ਮੰਜੇ ਦੇ ਆਲੇ-ਦੁਆਲੇ ਆ ਕੇ ਬਹਿ ਗਏ। ਪਿਓ ਨੇ ਇੱਕ ਮੁੰਡੇ ਨੂੰ ਸੂਤ ਦੀ ਇੱਕ ਅੱਟੀ ਦੇ ਕੇ ਆਖਿਆ, "ਲੈ ਪੁੱਤਰ ਏਸ ਅੱਟੀ ਵਿੱਚੋਂ ਇੱਕ ਤੰਦ ਤੋੜ ਦੇ।"
ਮੁੰਡੇ ਨੇ ਅੱਟੀ ਫੜ, ਉਸ ਵਿੱਚੋਂ ਇੱਕ ਤੰਦ ਅੱਡ ਕੀਤੀ ਤੇ ਉਹਨੂੰ ਬੜੀ ਸੌਖ ਨਾਲ ਤੋੜ ਦਿੱਤਾ।
ਫੇਰ ਉਸ ਨੇ ਇਸੇ ਤਰ੍ਹਾਂ ਦੂਜੇ ਪੁੱਤਰਾਂ ਪਾਸੋਂ ਕਰਵਾਇਆ।
ਚੂਹਾਂ ਨੇ ਬੜੀ ਸੌਖ ਨਾਲ ਧਾਗੇ ਤੋੜ ਦਿੱਤੇ। ਚਾਰੇ ਪੁੱਤਰ ਆਪਣੇ ਬੁੱਢੇ ਬਾਪ ਦੇ ਇਸ ਕਰਤਵ ਨੂੰ ਬੜੀ ਉਤਸੁਕਤਾ ਨਾਲ ਵੇਖ ਰਹੇ ਸੀ।
ਇਸ ਮਗਰੋਂ ਬੁੱਢੇ ਨੇ ਫੇਰ ਪਹਿਲੇ ਮੁੰਡੇ ਨੂੰ ਅੱਟੀ ਫੜਾਈ ਤੇ ਆਖਿਆ, "ਤੂੰ ਇਸੇ ਪੁਰੀ ਅੱਟੀ ਨੂੰ ਵਿਚਾਲਿਓਂ ਤੋੜ ਕੇ ਵਿਖਾ।"
ਉਹਨੇ ਪੂਰਾ ਜ਼ੋਰ ਲਾਇਆ ਪਰ ਅੱਟੀ ਨਾ ਟੁੱਟ ਸਕੀ।
ਇਸੇ ਪ੍ਰਕਾਰ ਚਾਰੇ ਜ਼ੋਰ ਲਾ ਥੱਕੇ ਪਰ ਅੱਟੀ ਨੂੰ ਕੋਈ ਵੀ ਤੋੜ ਨਾ ਸਕਿਆ।
ਚਾਰੇ ਆਪਣਾ ਜ਼ੋਰ ਲਾ ਕੇ ਹੰਭ ਚੁੱਕੇ ਸੀ ਅਤੇ ਉਹਨਾਂ ਦੇ ਮੂੰਹ ਲਾਲ ਸੂਹੇ ਹੋ ਗਏ ਸੀ।
ਅੰਤ ਪਿਓ ਨੇ ਉਹਨਾਂ ਦੀ ਇਹ ਹਾਲਤ ਵੇਖ ਕੇ ਆਖਿਆ, "ਪੁੱਤਰੋ: ਇਹ ਸਾਰਾ ਕੁਝ ਕਰਵਾ ਕੇ ਦੱਸਣ ਦਾ ਮੇਰਾ ਬਸ ਇਹੋ ਮਤਲਬ ਏ ਬਈ ਏਕੇ ਵਿੱਚ ਕਿੰਨੀ ਤਾਕਤ ਹੁੰਦੀ ਐ। ਜੇ ਤੁਸੀਂ ਆਪੋ ਵਿੱਚ ਫਟੇ ਰਹੇ ਅਤੇ ਰਲ ਕੇ ਕੰਮ ਨਾ ਕੀਤਾ ਤਾਂ ਕੋਈ ਵੀ ਤੁਹਾਨੂੰ ਕੱਚੀ ਤੰਦ ਵਾਂਗ ਤੋੜ ਸਕਦੈ। ਜੇ ਇੱਕ ਹੋਕੇ ਰਹੇ ਤਾਂ ਅੱਟੀ ਵਾਂਗੂੰ ਤੁਹਾਨੂੰ ਕੋਈ ਵੀ ਤੋੜ ਨਹੀਂ ਸਕਦਾ।"
ਐਨੀ ਗੱਲ ਆਖਣ ਦੀ ਦੇਰ ਸੀ ਕਿ ਬੁੱਢੇ ਨੂੰ ਮੁੜ ਕੇ ਸਾਹ ਨਾ ਆਇਆ।
335/ਮਹਿਕ ਪੰਜਾਬ ਦੀ