ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿੰਡ ਦੀ ਜੂਹ ਵਿੱਚ ਆਥਣ ਸਮੇਂ ਜੁੜਿਆ ਕਰਦੇ ਸਨ। ਸਾਰੇ ਪਿੰਡ ਦੇ ਗਭਰੂਆਂ ਨੇ ਰਲ਼ਕੇ ਖੇਡਣਾ, ਕੋਈ ਜਾਤ ਪਾਤ ਨਹੀਂ, ਉਚ ਨੀਚ ਨਹੀਂ। ਅਮੀਰੀ, ਗ਼ਰੀਬੀ ਦਾ ਪਾੜਾ ਨਹੀਂ। ਸਾਰੇ ਰਲ਼ਕੇ ਇਹਨਾਂ ਦਾ ਆਨੰਦ ਮਾਣਦੇ ਸਨ। ਭਾਈਚਾਰਕ ਸਾਂਝ ਐਨੀ ਹੋਣੀ ਕਿ ਸਾਰੇ ਪਿੰਡ ਨੇ ਰਲ਼ਕੇ ਗਭਰੂਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕਰਨਾ। ਦੇਸੀ ਘਿਓ ਦੇ ਪੀਪਿਆਂ ਦੇ ਪੀਪੇ ਖਿਡਾਰੀਆਂ ਨੂੰ ਖਾਣ ਨੂੰ ਦਿੱਤੇ ਜਾਂਦੇ ਸਨ। ਇਹ ਗਭਰੂ ਵੀ ਤਾਂ ਸਮੁੱਚੇ ਪਿੰਡ ਦਾ ਮਾਣ ਹੋਇਆ ਕਰਦੇ ਸਨ। ਮੇਲਿਆਂ ਮੁਸਾਵਿਆਂ ਤੇ ਕਿਸੇ ਨੇ ਪਹਿਲਵਾਨੀ ਵਿੱਚ ਪਿੰਡ ਦਾ ਨਾਂ ਕਢਣਾ, ਕਿਸੇ ਬੋਰੀ ਚੁੱਕਣ ਵਿੱਚ ਨਾਂ ਚਮਕਾਉਣਾ, ਕਿਸੇ ਮੁੰਗਲੀਆਂ ਫੇਰਨ ਵਿੱਚ ਬਾਜ਼ੀ ਜਿਤਣੀ। ਰੱਸਾ ਕਸ਼ੀ ਤੇ ਕਬੱਡੀ ਦੀਆਂ ਟੀਮਾਂ ਨੇ ਪਿੰਡ ਨੂੰ ਪ੍ਰਸਿੱਧੀ ਦਵਾਉਣੀ। ਇਹ ਗਭਰੂ ਆਪਣੇ ਸਰੀਰਾਂ ਨੂੰ ਖੇਡਾਂ ਦੇ ਹਾਣ ਦਾ ਰੱਖਣ ਲਈ ਨਸ਼ਿਆਂ ਨੂੰ ਨੇੜੇ ਨਹੀਂ ਸੀ ਢੁਕਣ ਦੇਂਦੇ। ਸਮੁੱਚੇ ਪਿੰਡ ਦੀ ਸ਼ਾਨ ਲਈ ਰਲ਼ਕੇ ਰਹਿੰਦੇ ਸਨ। ਪਿਆਰ ਨਾਲ਼ ਖੇਡਦੇ ਸਨ। ਚੰਗੀ ਖੇਡ ਖੇਡਣਾ ਹੀ ਇਹਨਾਂ ਦਾ ਮਨੋਰਥ ਹੋਇਆ ਕਰਦਾ ਸੀ। ਇਹ ਖੇਡਾਂ ਹੀ ਸਨ ਜਿਹੜੀਆਂ ਪਿੰਡਾਂ ਦੇ ਗਭਰੂਆਂ ਨੂੰ ਆਹਰੇ ਲਾਈ ਰਖਦੀਆਂ ਸਨ ਤੇ ਕੁਰਾਹੇ ਪੈਣ ਤੋਂ ਰੋਕਦੀਆਂ ਸਨ।

ਪੇਂਡੂ ਮੁੰਡੇ-ਕੁੜੀਆਂ ਦੀਆਂ ਖੇਡਾਂ ਬੜੀਆਂ ਮਨਮੋਹਕ ਹੁੰਦੀਆਂ ਸਨ———ਕਾਵਿਮਈ। ਉਹ ਆਮ ਕਰਕੇ ਬੁੱਢੀ ਮਾਈ, ਭੰਡਾ ਭੰਡਾਰੀਆ, ਊਠਕ ਬੈਠਕ, ਉਚ-ਨੀਚ, ਕੋਟਲਾ ਛਪਾਕੀ, ਦਾਈਆਂ ਦੂਹਕੜੇ, ਬਾਂਦਰ ਕੀਲਾ, ਕਿਣ ਮਿਣ ਕਾਣੀ ਕੌਣ ਕਿਣਿਆ, ਸਮੁੰਦਰ ਤੇ ਮੱਛੀ, ਲੱਕੜ ਕਾਠ, ਖਾਨ ਘੋੜੀ, ਅੰਨ੍ਹਾ ਝੋਟਾ, ਪੂਛ-ਪੂਛ, ਪਿੱਠੂ, ਪੀਚੋ ਬੱਕਰੀ, ਅੱਡੀ ਛੜੱਪਾ, ਕੂਕਾਂ ਕਾਂਗੜੇ, ਰੋੜੇ ਅਤੇ ਸ਼ੱਕਰ ਭੁਰਜੀ ਆਦਿ ਖੇਡਾਂ ਖੇਡ ਕੇ ਆਨੰਦ ਮਾਣਦੇ ਰਹੇ ਹਨ।

ਕਬੱਡੀ ਪੰਜਾਬੀਆਂ ਦੀ ਰਾਸ਼ਟਰੀ ਖੇਡ ਹੈ ਜਿਸ ਰਾਹੀਂ ਇਹਨਾਂ ਦੇ ਸੁਭਾਅ, ਮਦਰਉਪਣੇ ਅਤੇ ਬਲ ਦਾ ਪ੍ਰਗਟਾ ਹੁੰਦਾ ਹੈ। ਲੰਬੀ ਕੌਡੀ, ਗੂੰਗੀ ਕੌਡੀ ਅਤੇ ਸੌਂਚੀ ਪੱਕੀ ਆਦਿ ਕਬੱਡੀ ਦੀਆਂ ਕਿਸਮਾਂ ਬੜੀਆਂ ਹਰਮਨ ਪਿਆਰੀਆਂ ਰਹੀਆਂ ਹਨ। ਅੱਜਕਲ੍ਹ ਇਹ ਖੇਡੀਆਂ ਨਹੀਂ ਜਾਂਦੀਆਂ। ਇਹਨਾਂ ਦੀ ਥਾਂ ਨੈਸ਼ਨਲ ਸਟਾਈਲ ਕਬੱਡੀ ਨੇ ਲੈ ਲਈ ਹੈ।

‘ਸੌਂਦੀ ਪੱਕੀ' ਮਾਲਵੇ ਦੇ ਇਲਾਕੇ ਦੀ ਬੜੀ ਪ੍ਰਸਿੱਧ ਖੇਡ ਰਹੀ ਹੈ। ਆਮ ਤੌਰ ਤੇ ਨਰੋਏ ਸਰੀਰ ਵਾਲੇ ਗੱਭਰੂ ਹੀ ਇਹ ਖੇਡ ਖੇਡਦੇ ਸਨ। ਖਿਡਾਰੀਆਂ ਨੇ ਆਪਣੇ ਸਰੀਰਾਂ ਤੇ ਤੇਲ ਮਲ਼ਕੇ ਪਿੰਡੇ ਲਿਸ਼ਕਾਏ ਹੁੰਦੇ ਸਨ। ਪਾੜੇ ਵਿੱਚ ਦੋ ਖਿਡਾਰੀ ਆਪਣਾ-ਆਪਣਾ ਪਾਸਾ ਮਲਕੇ ਖੇਡ ਸ਼ੁਰੂ ਕਰਦੇ ਸਨ। ਇਕ ਪਾਸੇ ਦਾ ਖਿਡਾਰੀ ਦੂਜੇ ਪਾਸੇ ਜਾਂਦਾ ਤੇ ਦੂਜੇ ਖਿਡਾਰੀ ਦੀ ਛਾਤੀ ਤੇ ਜ਼ੋਰ ਨਾਲ ਧੱਫੇ ਮਾਰਦਾ। ਧੱਫੇ ਕੇਵਲ ਛਾਤੀ ਤੇ ਹੀ ਮਾਰੇ ਜਾਂਦੇ। ਦੂਜਾ ਖਿਡਾਰੀ ਪਹਿਲੇ ਖਿਡਾਰੀ ਦੀ ਬੀਣੀ ਫੜਦਾ ਤੇ ਜਾਣ ਵਾਲ਼ਾ ਆਪਣੀ ਬੀਣੀ ਛਡਾਉਣ ਦਾ ਯਤਨ ਕਰਦਾ। ਇਉਂ ਸਾਰੀ ਜ਼ੋਰ ਅਜ਼ਮਾਈ ਬੀਣੀ ਛਡਾਉਣ ਅਤੇ ਪਕੜਨ ਤੇ ਹੀ ਹੁੰਦੀ ਰਹਿੰਦੀ। ਇਸ ਖੇਡ ਵਿੱਚ ਕੁਸ਼ਤੀ ਵਾਂਗ ਇਕ ਦੂਜੇ ਖਿਡਾਰੀ ਦੇ ਬਲ ਦੀ ਪ੍ਰੀਖਿਆ ਹੁੰਦੀ ਸੀ

44/ਮਹਿਕ ਪੰਜਾਬ ਦੀ