ਬਾਲਾਂ ਦੀਆਂ ਕਾਵਿ-ਮਈ ਖੇਡਾਂ
ਬੱਚਿਆਂ ਦੀਆਂ ਖੇਡਾਂ ਬੜੀਆਂ ਦਿਲਚਸਪ ਹੁੰਦੀਆਂ ਹਨ ਕਾਵਿ-ਮਈ। ਹਰ ਖੇਡ ਨਾਲ਼ ਬੱਚੇ ਕੋਈ ਨਾ ਕੋਈ ਕਾਵਿ ਟੋਟਾ ਬੋਲਦੇ ਹਨ ਜਿਸ ਕਰਕੇ ਖੇਡ ਬੜੀ ਦਿਲਚਸਪ ਬਣ ਜਾਂਦੀ ਹੈ। ਬੱਚਿਆਂ ਦਾ ਖੇਡ ਸ਼ਾਸਤਰ ਵੀ ਬੜਾ ਨਿਆਰਾ ਹੈ। ਖੇਡਣ ਲਈ ਕੋਈ ਬੱਚਾ ਕਿਸੇ ਦੇ ਘਰ ਸੱਦਣ ਲਈ ਨਹੀਂ ਜਾਂਦਾ, ਬਲਕਿ ਗਲ਼ੀ ਗੁਆਂਢ ਵਿੱਚ ਹੀ ਕਿਸੇ ਮੋਕਲੀ ਥਾਂ ਤੇ ਖੜੋ ਕੇ ਕੋਈ ਬੱਚਾ ਉੱਚੀ ਆਵਾਜ਼ ਵਿੱਚ ਹੋਕਾ ਦੇਂਦਾ ਹੈ:
ਦੋ ਲੱਕੜੀਆਂ ਦੋ ਕਾਨੇ
ਆ ਜਾਓ ਮੁੰਡਿਓ ਕਿਸੇ ਬਹਾਨੇ
ਕਿਸੇ ਬੰਨ੍ਹੇ ਤੋਂ ਉੱਚੀ ਆਵਾਜ਼ ਵਿੱਚ ਕੁੜੀਆਂ ਸੱਦਾ ਦੇਂਦੀਆਂ ਨੇ:
ਤੱਤਾ ਖੁਰਚਣਾ ਜੰਗ ਜਲੇਬੀ
ਆ ਜਾਓ ਕੁੜੀਓ ਖੇਡੀਏ
ਕਿਧਰੇ ਕੁੜੀਆਂ ਦੀ ਟੋਲੀ ਰਲ਼ ਕੇ ਗਾ ਉੱਠਦੀ ਹੈ:
ਆਓ ਭੈਣੋਂ ਖੇਡੀਏ
ਖੇਡਣ ਵੇਲ਼ਾ ਹੋਇਆ
ਰੋਟੀ ਕੌਣ ਪਕਾਊਗਾ
ਹੀਰਾ
ਹੀਰੇ ਦੀ ਮੈਂ ਭਾਣਜੀ
ਸੱਭੇ ਗੱਲਾਂ ਜਾਣਦੀ
ਇੱਕ ਗੱਲ ਭੁੱਲਗੀ
ਬਰੋਟੇ ਵਾਂਗੂੰ ਫੁੱਲਗੀ
ਖੇਡਣ ਦਾ ਸੱਦਾ ਸੁਣਦੇ ਹੀ ਬੱਚੇ ਆਪਣੀਆਂ ਮਾਵਾਂ, ਭੈਣਾਂ ਤੋਂ ਚੋਰੀ ਜਾਂ ਬਹਾਨੇ ਘੜ ਕੇ ਇਕ ਥਾਂ ਇਕੱਠੇ ਹੋ ਜਾਂਦੇ ਹਨ। ਉਹ ਆਮ ਕਰਕੇ ਛੂਹਣ ਵਾਲ਼ੀਆਂ ਖੇਡਾਂ ਖੇਡਦੇ ਹਨ। ਮੀਟੀ ਕੌਣ ਦੇਵੇ। ਇਸ ਲਈ ਪੁੱਗਿਆ ਜਾਂਦਾ ਹੈ। ਪੁੱਗਣ ਸਮੇਂ ਬੋਲੇ ਜਾਂਦੇ ਕਾਵਿ-ਟੋਟੇ ਦੇ ਬੋਲ ਹਨ:
ਈਂਗਣ ਮੀਂਗਣ ਤਲੀ ਤਲੀਂਗਣ
ਕਾਲ਼ਾ ਪੀਲ਼ਾ ਡੱਕਰਾ
ਗੁੜ ਖਾਵਾਂ ਬੇਲ ਵਧਾਵਾਂ
ਮੂਲ਼ੀ ਪੱਤਰਾ
ਪੱਤਰਾਂ ਵਾਲ਼ੇ ਘੋੜੇ ਆਏ
47/ਮਹਿਕ ਪੰਜਾਬ ਦੀ