ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁੱਠਾਂ ਇਕ ਦੂਜੀ ਤੇ ਰੱਖ ਕੇ, ਦਾਇਰਾ ਬਣਾ ਕੇ, ਖਲੋ ਜਾਂਦੇ ਹਨ। ਇਕ ਆਵਾਜ਼ ਦਾਈ ਵਾਲ਼ੇ ਤੋਂ ਪੁੱਛਦੇ ਹਨ:———

ਭੰਡਾ ਭੰਡਾਰੀਆ
ਕਿੰਨਾ ਕੁ ਭਾਰ?

ਦਾਈ ਵਾਲ਼ਾ ਹੇਠੋਂ ਉੱਤਰ ਦਿੰਦਾ ਹੈ:———

ਇਕ ਮੁੱਠੀ ਚੁੱਕ ਲੈ
ਦੂਈ ਨੂੰ ਤਿਆਰ

ਇਸ ਪ੍ਰਕਾਰ ਗਾਉਂਦੇ ਹੋਏ ਬੱਚੇ ਕੱਲੀ-ਕੱਲੀ ਮੁੱਠੀ ਚੁੱਕਦੇ ਹਨ ਜਦੋਂ ਸਾਰੀਆਂ ਮੁੱਠੀਆਂ ਚੁੱਕੀਆਂ ਜਾਂਦੀਆਂ ਹਨ ਤਾਂ ਬੱਚੇ ਇਕ ਦਮ ਨਸਦੇ ਹੋਏ ਗਾਉਂਦੇ ਹਨ:

ਹਾਏ ਕੂੜੇ ਦੰਦਈਆ ਲੜ ਗਿਆ
ਬੂਈ ਕੁੜੇ ਦੰਦਈਆ ਲੜ ਗਿਆ

ਦਾਈ ਵਾਲਾ ਉਹਨਾਂ ਨੂੰ ਛੂੰਹਦਾ ਹੈ। ਜਿਸ ਬੱਚੇ ਨੂੰ ਉਹ ਛੂਹ ਲਵੇ ਉਸ ਦੇ ਸਿਰ ਦਾਈ ਆ ਜਾਂਦੀ ਹੈ।

ਉਠਕ ਬੈਠਕ ਵਧੇਰੇ ਕਰਕੇ ਛੋਟੇ ਬੱਚੇ ਖੇਡਦੇ ਹਨ। ਇਸ ਖੇਡ ਵਿੱਚ ਦਾਈ ਵਾਲ਼ਾ ਕਤਾਰੋਂ ਬਾਹਰ ਖੜੋਤਾ ਹੁੰਦਾ ਹੈ। ਲਾਈਨ ਤੇ ਖੜੋਤੇ ਬੱਚੇ ਉੱਚੀ ਆਵਾਜ਼ ਵਿੱਚ ਬੋਲਦੇ ਹਨ:———

ਗੱਡਾ ਗਡੋਰੀਆ
ਗੱਡੇ ਵਿਚ ਖੂਹ
ਖੜੇ ਨੂੰ ਛੱਡ ਕੇ
ਬੈਠੇ ਨੂੰ ਛੂਹ

ਦਾਈ ਵਾਲ਼ਾ ਬੈਠਿਆਂ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ ਤੇ ਇੰਨੇ ਨੂੰ ਝੱਟ ਆਵਾਜ਼ ਉੱਠਦੀ ਹੈ———

ਗੱਡਾ ਗਡੋਰੀਆ
ਗੱਡੇ ਵਿਚ ਖੂਹ
ਬੈਠੇ ਨੂੰ ਛੱਡ ਕੇ
ਖੜੇ ਨੂੰ ਛੂਹ

ਫੇਰ ਦਾਈ ਵਾਲ਼ਾ ਖੜਿਆਂ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ ਜਿਸ ਬੱਚੇ ਨੂੰ ਛੂਹ ਲਵੇ ਉਸ ਦੇ ਸਿਰ ਦਾਈ ਆ ਜਾਂਦੀ ਹੈ।

"ਊਚ ਨੀਚ" ਖੇਡ ਅਕਸਰ ਦਸ ਬਾਰਾਂ ਸਾਲ ਦੇ ਬੱਚੇ ਬੜੇ ਚਾਅ ਨਾਲ਼ ਖੇਡਦੇ ਹਨ। ਦਾਈ ਵਾਲ਼ੇ ਬੱਚੇ ਤੋਂ ਬਾਕੀ ਬੱਚੇ ਗਾਉਂਦੇ ਹੋਏ ਪੁੱਛਦੇ ਹਨ:———

ਅੰਬਾਂ ਵਾਲ਼ੀ ਕੋਠੜੀ
ਬਦਾਮਾਂ ਵਾਲਾ ਵਿਹੜਾ
ਬਾਬੇ ਨਾਨਕ ਦਾ ਘਰ ਕਿਹੜਾ?

ਦਾਈ ਵਾਲ਼ਾ ਬੱਚਾ ਅੱਗੋਂ ਉੱਚੀ ਜਾਂ ਨੀਵੀਂ ਥਾਂ ਵੱਲ ਇਸਾਰਾ ਕਰਕੇ "ਔਹ"

49/ਮਹਿਕ ਪੰਜਾਬ ਦੀ