ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/68

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਗਿੱਧਾ ਕੇਵਲ ਤੀਵੀਆਂ ਹੀ ਨਹੀਂ ਪਾਉਂਦੀਆਂ ਮਰਦ ਵੀ ਪਾਉਂਦੇ ਹਨ ਉਹਨਾਂ ਦੇ ਗਿੱਧੇ ਦਾ ਰੰਗ ਤੀਵਲੀਆਂ ਦੇ ਗਿੱਧੇ ਵਰਗਾ ਨਹੀਂ ਹੁੰਦਾ। ਗਿੱਧਾ ਪਾਉਣ ਦਾ ਢੰਗ ਹੈ ਤਾਂ ਔਰਤਾਂ ਵਾਲਾ ਹੀ ਪਰੰਤੁ ਔਰਤਾਂ ਵਾਲ਼ੇ ਨਾਚ ਦੀ ਲਚਕ ਮਰਦਾਂ ਵਿੱਚ ਨਹੀਂ ਹੁੰਦੀ। ਉਹਨਾਂ ਦਾ ਵਧੇਰੇ ਜ਼ੋਰ ਬੋਲੀਆਂ ਉੱਤੇ ਹੀ ਹੁੰਦਾ ਹੈ। ਜੇ ਮਰਦਾਂ ਦਾ ਗਿੱਧਾ ਵੇਖਣਾ ਹੋਵੇ ਤਾਂ ਛਪਾਰ ਦੇ ਮੇਲੇ ਤੇ ਇਸ ਦਾ ਆਨੰਦ ਮਾਣਿਆਂ ਜਾ ਸਕਦਾ ਹੈ।

ਲੁੱਡੀ ਪੰਜਾਬੀਆਂ ਦਾ ਬੜਾ ਮਨਮੋਹਕ ਨਾਚ ਰਿਹਾ ਹੈ। ਇਹ ਆਮ ਕਰਕੇ ਕਿਸੇ ਜਿੱਤ ਦੀ ਖੁਸ਼ੀ ਵਿੱਚ ਨਚਿਆ ਜਾਂਦਾ ਸੀ। ਕਿਸੇ ਮੁਕੱਦਮਾਂ ਜਿੱਤਿਆ ਹੈ ਜਾਂ ਖੇਡ ਦੇ ਮੈਦਾਨ ਵਿੱਚ ਮਲ ਮਾਰੀ ਹੈ ਤਾਂ ਝਟ ਢੋਲੀ ਨੂੰ ਬੁਲਾ ਕੇ ਜਿੱਤ ਦੀ ਖੁਸ਼ੀ ਦਾ ਪ੍ਰਗਟਾਵਾ ਲੁੱਡੀ ਪਾ ਕੇ ਹੀ ਕੀਤਾ ਜਾਂਦਾ ਸੀ। ਵਿਆਹ ਦੇ ਮੌਕੇ, ਮੁੰਡੇ ਦੀ ਛਟੀ, ਫ਼ਸਲ ਦੀ ਵਾਢੀ ਦੇ ਅਵਸਰ ਤੇ ਆਮ ਕਰਕੇ ਅਤੇ ਮੇਲਿਆਂ ਮੁਸਾਵਿਆਂ ਉੱਤੇ ਖ਼ਾਸ ਕਰਕੇ ਲੁੱਡੀ ਪਾਈ ਜਾਂਦੀ ਸੀ।

ਢੋਲੀ ਆਪਣੇ ਢੋਲ ਤੇ ਡੱਗਾ ਮਾਰਦਾ ਹੈ ਤੇ ਲੁੱਡੀ ਦਾ ਤਾਲ ਵਜਾਉਂਦਾ ਹੈ। ਉਸ ਦੀ ਆਵਾਜ਼ ਨਾਲ਼ ਖਚੀਂਦੇ ਗੱਭਰੂ ਢੋਲੀ ਦੇ ਆਲ਼ੇ-ਦੁਆਲ਼ੇ ਗੋਲ ਦਾਇਰੇ ਵਿੱਚ ਘੇਰਾ ਘੱਤ ਲੈਂਦੇ ਹਨ। ਉਹ ਅੱਖਾਂ ਮਟਕਾਉਂਦੇ, ਮੋਢੇ ਹਲਾਉਂਦੇ, ਲੱਕ ਲਚਕਾਉਂਦੇ ਅਤੇ ਛਾਤੀ ਅੱਗੇ ਤਾੜੀ ਮਾਰਦੇ ਹੋਏ ਚੱਕਰ ਵਿਚ ਹੌਲੀ-ਹੌਲੀ ਮਸਤ ਚਾਲੇ ਤੁਰਦੇ ਹਨ, ਫੇਰ ਢੋਲੀ ਇਸ਼ਾਰਾ ਕਰਕੇ ਤਾਲ ਬਦਲਦਾ ਹੈ ਤੇ ਤਿੰਨ ਤਾੜੀਆਂ ਵਜਾਈਆਂ ਜਾਂਦੀਆਂ ਹਨ। ਪਹਿਲੀ ਤਾੜੀ ਘੇਰੇ ਦੇ ਅੰਦਰਲੇ ਪਾਸੇ ਝੁਕ ਕੇ, ਦੂਜੀ ਛਾਤੀ ਅੱਗੇ ਤੇ ਤੀਜੀ ਫੇਰ ਘੇਰੇ ਦੇ ਬਾਹਰਲੇ ਪਾਸੇ ਝੁੱਕ ਕੇ ਮਾਰੀ ਜਾਂਦੀ ਹੈ। ਨਾਲ਼ੋ ਨਾਲ ਤਾਲ ਤੇਜ਼ ਹੋਈ ਜਾਂਦਾ ਹੈ। ਇਸ ਮਗਰੋਂ ਢੋਲੀ ਫੇਰ ਤਾਲ ਬਦਲਦਾ ਹੈ ਤੇ ਉਸ ਦੇ ਇਸ਼ਾਰੇ ਨਾਲ਼ ਪਹਿਲਾਂ ਸੱਜੀ ਬਾਂਹ ਤੇ ਸੱਜੀ ਲੱਤ ਚੁੱਕ ਕੇ ਖੱਬੇ ਪੈਰ ਨਾਲ਼ ਕੁੱਦਿਆ ਜਾਂਦਾ ਹੈ ਤੇ ਫੇਰ ਖੱਬੀ ਬਾਂਹ ਤੇ ਖੱਬੀ ਲੱਤ ਚੁਕ ਕੇ ਸੱਜੇ ਪੈਰ ਨਾਲ਼ ਕੁਦਦੇ ਹਨ ਤੇ ਨਾਲ਼ ਹੀ ਬੱਲੇ ਬੱਲੇ, ਬੱਲੇ ਸ਼ੇਰਾ, ਬੱਲੇ ਓਏ ਬੱਗਿਆ ਸ਼ੇਰਾ ਬਾਰ-ਬਾਰ ਜ਼ੋਰ ਨਾਲ਼ ਬੋਲਦੇ ਹਨ। ਕਦੇ-ਕਦੇ ਉਹ ਨੱਚਦੇ ਹੋਏ ਇੱਕ ਪੈਰ ਦੇ ਭਾਰ ਬਹਿ ਕੇ ਅੱਧਾ ਚੱਕਰ ਕਟਦੇ ਹਨ-ਢੋਲੀ ਡੱਗੇ ਤੇ ਡੱਗਾ ਮਾਰੀ ਜਾਂਦਾ ਹੈ ਤੇ ਨਾਚ ਦੀ ਗਤੀ ਤੇਜ਼ ਹੋਈ ਜਾਂਦੀ ਹੈ। ਗੱਭਰੂ ਨੱਚਦੇ ਹੋਏ ਹਾਲੋਂ ਬੇਹਾਲ ਹੋ ਜਾਂਦੇ ਹਨ।

ਪੰਜਾਬ ਦੇ ਪਿੰਡਾਂ ਵਿੱਚ ਤਰਕਾਲਾਂ ਸਮੇਂ ਮੋਕਲਿਆਂ ਵਿਹੜਿਆਂ ਅਤੇ ਸੰਘਣੀਆਂ ਟਾਹਲੀਆਂ ਹੇਠੋਂ ‘ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ’ ਦੇ ਬੋਲ ਆਮ ਸੁਣਾਈ ਦੇਂਦੇ ਹਨ। ਇਹ ਬੋਲ ਨਿੱਕੜੀਆਂ ਬੱਚੀਆਂ ਅਤੇ ਜਵਾਨੀ ਦੀਆਂ ਬਰੂਹਾਂ ਤੇ ਖਲੋਤੀਆਂ ਉਹਨਾਂ ਮੁਟਿਆਰਾਂ ਦੇ ਹਨ ਜਿਹੜੀਆਂ ਵਜਦ ਵਿੱਚ ਆ ਕੇ ਕਿੱਕਲੀ ਦਾ ਨਾਚ ਨੱਚ ਰਹੀਆਂ ਹੁੰਦੀਆਂ ਹਨ। ਕਿੱਕਲੀ ਪੰਜਾਬੀ ਕੁੜੀਆਂ ਦਾ ਹਰਮਨ ਪਿਆਰਾ ਨਾਚ ਹੈ।

ਰੋੜੇ ਖੇਡਦੀਆਂ, ਨਿੱਕੇ ਵੀਰਾਂ ਭੈਣਾਂ ਨੂੰ ਖਿਡਾਉਂਦੀਆਂ ਅਤੇ ਗੁੱਡੇ ਗੁੱਡੀਆਂ ਦਾ ਕਾਜ ਰਚਾਉਂਦੀਆਂ ਹੋਈਆਂ ਕੁੜੀਆਂ ਦਾ ਮਨ ਜਦੋਂ ਹੁਲਾਰਾ ਖਾ ਕੇ ਮਸਤੀ ਦੇ

66/ਮਹਿਕ ਪੰਜਾਬ ਦੀ