ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/75

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

13, 14 ਅਤੇ 15 ਫੱਗਣ ਨੂੰ ਜਗਰਾਵਾਂ ਵਿਖੇ ਮੋਹਕਮ ਦੀਨ ਦੀ ਦਰਗਾਹ ਤੇ ਲਗਦਾ ਹੈ। ਕਿਹਾ ਜਾਂਦਾ ਹੈ ਕਿ ਜਗਰਾਓਂ ਦੇ ਪੱਛਮ ਵਲ ਇਕ ਝੜੀ ਵਿੱਚ ਪੰਜ ਫ਼ਕੀਰ ਲੱਪੇ ਸ਼ਾਹ, ਮਹਿੰਦੀ ਸ਼ਾਹ, ਟੁੰਡੇ ਸ਼ਾਹ, ਕਾਲੇ ਸ਼ਾਹ ਅਤੇ ਮੋਹਕਮ ਦੀਨ ਰਹਿੰਦੇ ਸਨ। ਇਹਨਾਂ ਦੀ ਮਹਿਮਾ ਸਾਰੇ ਇਲਾਕੇ ਵਿੱਚ ਫੈਲੀ ਹੋਈ ਸੀ, ਮੋਹਕਮ ਦੀਨ ਇਕ ਪੁੱਜਿਆ ਹੋਇਆ ਦਰਵੇਸ਼ ਸੀ। ਉਸ ਬਾਰੇ ਕਈ ਇਕ ਰਵਾਇਤਾਂ ਪ੍ਰਚੱਲਤ ਸਨ। ਜੋ ਵੀ ਸ਼ਰਧਾਲੂ ਉਸ ਪਾਸ ਆਉਂਦਾ ਉਹਦੀ ਹਰ ਤਮੰਨਾ ਪੂਰੀ ਹੋ ਜਾਂਦੀ। ਮੋਹਕਮ ਦੀਨ ਦੇ ਜੀਵਨ ਬਾਰੇ ਭਰੋਸੇ ਯੋਗ ਜਾਣਕਾਰੀ ਪ੍ਰਾਪਤ ਨਹੀਂ। ਜਗਰਾਵਾਂ ਦੇ ਪੱਛਮ ਵਿੱਚ ਉਸ ਦੀ ਦਰਗਾਹ ਹੈ ਜਿੱਥੇ ਰੌਸ਼ਨੀ ਦਾ ਮੇਲਾ ਆਪਣੇ ਜਲਵੇ ਵਖਾਉਂਦਾ ਹੈ। ਜਗਰਾਵਾਂ ਦੀ ਰੋਸ਼ਨੀ ਦਾ ਜ਼ਿਕਰ ਪੰਜਾਬ ਦੇ ਕਈ ਇਕ ਲੋਕ ਗੀਤਾਂ ਵਿੱਚ ਆਉਂਦਾ ਹੈ:-

ਆਰੀ ਆਰੀ ਆਰੀ
ਵਿੱਚ ਜਗਰਾਵਾਂ ਦੇ
ਲਗਦੀ ਰੋਸ਼ਨੀ ਭਾਰੀ
ਬੋਲੀਆਂ ਦੀ ਸੜਕ ਬੰਨ੍ਹਾਂ
ਜਿੱਥੇ ਖਲਕਤ ਲੰਘੇ ਸਾਰੀ
ਬੋਲੀਆਂ ਦਾ ਖੂਹ ਭਰ ਦਿਆਂ
ਪਾਣੀ ਭਰੇ ਝਾਂਜਰਾਂ ਵਾਲ਼ੀ
ਬੋਲੀਆਂ ਦੀ ਗੱਡੀ ਲਦ ਦਿਆਂ
ਜੀਹਨੂੰ ਇੰਜਣ ਲੱਗੇ ਸਰਕਾਰੀ
ਨਿਮ ਕੇ ਚੱਕ ਪੱਠਿਆ
ਗੇਂਦ ਘੁੰਗਰੂਆਂ ਵਾਲ਼ੀ

ਲੋਕ ਵਿਸ਼ਵਾਸ ਅਨੁਸਾਰ ਜਿਹੜਾ ਵਿਅਕਤੀ ਮੋਹਕਮਦੀਨ ਦੀ ਦਰਗਾਹ ਤੇ ਸੁਖ ਸੁਖਦਾ ਹੈ ਉਸ ਦੀ ਹਰ ਕਾਮਨਾ ਪੂਰੀ ਹੋ ਜਾਂਦੀ ਹੈ। ਮੇਲੇ ਵਾਲ਼ੇ ਦਿਨ ਸ਼ਰਧਾਲੂ ਉਸ ਦੀ ਖ਼ਾਨਗਾਹ ਤੇ ਚਰਾਗ਼ ਜਲਾਉਂਦੇ ਹਨ। 13 ਫੱਗਣ ਦੀ ਰਾਤ ਨੂੰ ਚੌਕੀਆਂ ਭਰੀਆਂ ਜਾਂਦੀਆਂ ਹਨ। ਹਜ਼ਾਰਾਂ ਚਰਾਗ਼ ਬਲਦੇ ਹਨ ਇਸੇ ਕਰਕੇ ਇਸ ਮੇਲੇ ਦਾ ਨਾਂ ਰੋਸ਼ਨੀ ਦਾ ਮੇਲਾ ਪਿਆ ਹੈ। ਖਾਨਗਾਹ ਦੇ ਵਿਹੜੇ ਵਿੱਚ ਕਵਾਲੀਆਂ ਦੀਆਂ ਮਹਿਫ਼ਲਾਂ ਜੁੜਦੀਆਂ ਹਨ।

ਮੋਹਕਮਦੀਨ ਦੀ ਕਬਰ ਉੱਤੇ ਸ਼ਰਧਾਲੂ ਨਿਆਜ਼ ਚੜ੍ਹਾਉਂਦੇ ਹਨ। ਜਿਨ੍ਹਾਂ ਦੇ ਮੌਹਕੇ ਸੁੱਖੇ ਹੁੰਦੇ ਹਨ ਉਹ ਲੂਣ ਅਤੇ ਝਾੜੂ ਚੜ੍ਹਾਉਂਦੇ ਹਨ। ਕਈ ਪਤਾਸਿਆਂ ਦਾ ਪ੍ਰਸ਼ਾਦ ਚੜ੍ਹਾਉਂਦੇ ਹਨ ਕਈ ਕਪੜੇ।

ਇਸ ਮੇਲੇ ਦਾ ਸੁਭਾ ਛਪਾਰ ਦੇ ਮੇਲੇ ਨਾਲ਼ ਮਿਲਦਾ ਜੁਲਦਾ ਹੀ ਹੈ। ਆਖ਼ਰ ਤੀਜੇ ਦਿਨ ਇਹ ਮੇਲਾ ਵਿਛੜ ਜਾਂਦਾ ਹੈ। ਗੱਭਰੂ ਪੱਟਾਂ ਤੇ ਮੋਰਨੀਆਂ ਤੇ ਮੱਥਿਆਂ ਤੇ ਚੰਦ ਖੁਣਵਾ ਕੇ ਚਾਵਾਂ ਮੱਤੇ ਦਿਲਾਂ 'ਚ ਨਵੇਂ ਅਰਮਾਨ ਲੈ ਕੇ ਆਪਣੇ ਦਿਲ ਜਾਨੀਆਂ ਲਈ ਨਿਸ਼ਾਨੀਆਂ ਖ਼ਰੀਦ ਕੇ ਘਰਾਂ ਨੂੰ ਪਰਤ ਜਾਂਦੇ ਹਨ।

73/ਮਹਿਕ ਪੰਜਾਬ ਦੀ