ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਸਰ ਰਹੀਆਂ ਰਸਮਾਂ

ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰਚਲਤ ਵੰਨ-ਸੁਵੰਨੀਆਂ ਰਸਮਾਂ ਪੰਜਾਬੀ ਲੋਕਾਂ ਦੇ ਭਾਈਚਾਰਕ ਜੀਵਨ ਦੀ ਰਾਂਗਲੀ ਤਸਵੀਰ ਪੇਸ਼ ਕਰਦੀਆਂ ਹਨ। ਇਹ ਤਾਂ ਉਹਨਾਂ ਦੇ ਮਨਾਂ ਦੀਆਂ ਸਿੱਕਾਂ, ਸਧਰਾਂ, ਅਰਮਾਨਾਂ ਅਤੇ ਜਜ਼ਬਾਤਾਂ ਨੂੰ ਪ੍ਰਗਟਾਉਣ ਵਾਲੀਆਂ ਕੂਲ੍ਹਾਂ ਹਨ। ਇਹ ਉਹ ਸਾਂਝ ਦੀਆਂ ਡੋਰਾਂ ਹਨ ਜਿਨ੍ਹਾਂ ਨਾਲ਼ ਸਮੁੱਚਾ ਭਾਈਚਾਰਾ ਫੁੱਲਾਂ ਦੀ ਲੜੀ ਵਾਂਗ ਪਰੋਤਾ ਹੋਇਆ ਹੈ-ਇਹ ਰਸਮਾਂ ਸਮੁੱਚੇ ਭਾਈਚਾਰੇ ਦੇ ਦੁੱਖਾਂ ਸੁੱਖਾਂ ਨੂੰ ਸਾਂਝੇ ਮੰਚ ਤੇ ਪੇਸ਼ ਕਰਦੀਆਂ ਹਨ। ਕੱਲੇ ਦਾ ਗ਼ਮ ਸਾਰੇ ਭਾਈਚਾਰੇ ਦਾ ਗ਼ਮ ਹੋ ਨਿਬੜਦਾ ਹੈ ਤੇ ਕੱਲੇ ਦੀ ਖ਼ੁਸ਼ੀ ਸਮੁੱਚੇ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਦੁੜਾ ਦੇਂਦੀ ਹੈ।

ਇਸ ਗੱਲ ਤੋਂ ਇਨਕਕਾਰ ਨਹੀਂ ਕੀਤਾ ਜਾ ਸਕਦਾ ਕਿ ਹੁਣ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੁਰਾਤਨ ਰਸਮਾਂ ਦੀ ਪਕੜ ਉਂਨੀ ਪਕੇਰੀ ਨਹੀਂ ਰਹੀ ਜਿੰਨੀ ਪੁਰਾਣੇ ਸਮਿਆਂ ਵਿੱਚ ਸੀ। ਮਸ਼ੀਨੀ ਸਭਿਅਤਾ ਦੇ ਵਿਕਾਸ ਦੇ ਕਾਰਨ ਸਾਡੇ ਲੋਕ ਜੀਵਨ ਦੇ ਹਰ ਖੇਤਰ ਵਿੱਚ ਤਬਦੀਲੀਆਂ ਆਈਆਂ ਹਨ। ਵਿੱਦਿਆ ਦੇ ਪਸਾਰ ਕਾਰਨ ਵੀ ਇਹਨਾਂ ਰਿਵਾਜਾਂ ਵਿੱਚ ਢੇਰ ਸਾਰੀ ਤਬਦੀਲੀ ਆ ਗਈ ਹੈ। ਇਹਨਾਂ ਵਿੱਚੋਂ ਕਈ ਰਸਮਾਂ ਤਾਂ ਪੇਂਡੂ ਮੰਚ ਉੱਤੋਂ ਅਲੋਪ ਹੀ ਹੋ ਗਈਆਂ ਹਨ। ਇਹ ਰਸਮਾਂ ਪੰਜਾਬੀਆਂ ਦੇ ਜੰਮਣ ਮਰਨ, ਵਿਆਹ ਸ਼ਾਦੀ, ਤਿੱਥ ਤਿਉਹਾਰ ਅਤੇ ਕੰਮਾਂ ਧੰਦਿਆਂ ਨਾਲ ਸੰਬੰਧ ਰੱਖਦੀਆਂ ਹਨ।

ਜਣੇਪੇ ਸਮੇਂ ਕਈ ਰਸਮਾਂ ਕੀਤੀਆਂ ਜਾਂਦੀਆਂ ਹਨ। ਪਹਿਲੇ ਜਣੇਪੇ ਸਮੇਂ ਗਰਭਵਤੀ ਨੂੰ ਤੀਜੇ ਮਹੀਨੇ ਸੁਰਮਾ ਪਾਉਣ ਦੀ ਰਸਮ ਕੀਤੀ ਜਾਂਦੀ ਹੈ। ਉਸ ਦੇ ਪੱਲੇ ਅਨਾਜ਼ ਬੰਨ੍ਹਿਆਂ ਜਾਂਦਾ ਹੈ ਜਿਸ ਨੂੰ ਉਹ ਰਿੰਨ੍ਹ ਕੇ ਖਾਂਦੀ ਹੈ: ਜੇਕਰ ਉਹ ਆਪਣੇ ਪੇਕੀਂ ਨਾ ਜਾਵੇ ਤਾਂ ਉਸ ਦੇ ਮਾਪੇ ਉਸ ਨੂੰ ਡੇਢ ਜਾਂ ਢਾਈ ਸੂਟ, ਕੁਝ ਰੁਪਿਆਂ ਸਮੇਤ ਭੇਜਦੇ ਹਨ।

ਪੁਰਾਣੇ ਸਮਿਆਂ ਵਿੱਚ ਜਣੇਪਾ ਘਰ ਦੀ ਹਨੇਰੀ ਕੋਠਰੀ ਵਿੱਚ ਹੋਇਆ ਕਰਦਾ ਸੀ। ਨੌਵੇਂ ਜਾਂ ਸਤਵੇਂ ਦਿਨ ਬੱਚੇ ਦੀ ਮਾਂ ਨੂੰ ਬਾਹਰ ਵਧਾਉਣ ਦੀ ਰਸਮ ਹੁੰਦੀ। ਮੁੰਡਾ ਜੰਮਣ ਤੇ ਖੂਬ ਖ਼ੁਸ਼ੀਆਂ ਮਨਾਈਆਂ ਜਾਂਦੀਆਂ। ਮਰਾਸਣ ਵਧਾਈ ਦਾ ਢੋਲ ਵਜਾਉਂਦੀ। ਪਿੰਡ ਦੇ ਹੋਰ ਲਾਗੀ ਵਧਾਈ ਦੇਣ ਆਉਂਦੇ।

ਸੁਨਿਆਰ, ਚਾਂਦੀ ਦੇ ਪੰਜ ਘੁੰਗਰੂ ਘੜ ਕੇ ਲਿਆਉਂਦਾ ਜਿਹਨਾਂ ਨੂੰ ਦਾਈ ਧਾਗੇ ਵਿੱਚ ਪਰੋ ਕੇ ਮੁੰਡੇ ਦੇ ਤੜਾਗੀ ਪਾਉਂਦੀ। ਝਿਊਰ ਅੰਬਾਂ ਅਤੇ ਸ਼ਰੀਂਹ ਦੇ ਪੱਤਿਆਂ ਦਾ ਬਾਂਦਰ ਬਾਰ ਬਣਾ ਕੇ ਜਣੇਪੇ ਵਾਲੇ ਘਰ ਦੇ ਮੁਖ ਦੁਆਰ ਨਾਲ਼ ਬੰਨ੍ਹਦਾ। ਘਰ ਦੀ ਸੁਆਣੀ ਇਹਨਾਂ ਲਾਗੀਆਂ ਨੂੰ ਸ਼ੱਕਰ, ਗੁੜ, ਦਾਣੇ ਅਤੇ ਇਕ

75/ਮਹਿਕ ਪੰਜਾਬ ਦੀ