ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੀਜੇ ਦਿਨ ਖਟ ਦੀ ਰਸਮ ਹੁੰਦੀ ਸੀ। ਮੁੰਡੇ ਵਾਲ਼ੇ ਵਰੀ ਦਾ ਟਰੰਕ ਕੁੜੀ ਵਾਲ਼ਿਆਂ ਦੇ ਘਰ ਵਖਾਵੇ ਲਈ ਭੇਜਦੇ ਤੇ ਕੁੜੀ ਵਾਲ਼ੇ ਜਾਂਞੀਆਂ ਨੂੰ ਕੁੜੀ ਨੂੰ ਦਿੱਤਾ ਦਾਜ ਵਿਖਾਉਂਦੇ।

ਮੁੰਡੇ ਦੀ ਜੰਵ ਚੜ੍ਹਨ ਤੋਂ ਮਗਰੋਂ ਨਾਨਕਾ ਮੇਲ਼ ਖੂਬ ਧਮਾਲਾਂ ਪਾਉਂਦਾ। ਰਾਤ ਸਮੇਂ ਮੁੰਡੇ ਦੀ ਮਾਂ ਸ਼ਰੀਕੇ ਨੂੰ ਸਦ ਕੇ ਕੱਚੀ ਲੱਸੀ ਪੈਰ ਪਾਉਣ ਦੀ ਰਸਮ ਕਰਵਾਉਂਦੀ। ਇਸ ਮਗਰੋਂ ਛੱਜ ਕੁੱਟਿਆ ਜਾਂਦਾ ਸੀ। ਫੜੂਹਾ ਮੱਚ ਉਠਦਾ। ਨਾਨਕੀਆਂ ਕਿਧਰੇ ਬੰਬੀਹਾ ਬਲਾਉਂਦੀਆਂ ਤੇ ਕਿਧਰੇ ਜਾਗੋ ਕੱਢੀਆਂ। ਦੂਜੇ ਦਿਨ ਦੁਪਹਿਰ ਤੋਂ ਮਗਰੋਂ ਮੁੰਡੇ ਦੇ ਘਰ ਫੜੂਹਾ ਪੈਂਦਾ ਜਿਸ ਵਿੱਚ ਗਿੱਧੇ ਦੀਆਂ ਬੋਲੀਆਂ ਪਾਈਆਂ ਜਾਂਦੀਆਂ।

ਵਿਆਹੁਲੀ ਦੇ ਘਰ ਪੁੱਜਣ ਤੇ ਲਾੜੇ ਦੀ ਮਾਂ ਜੋੜੀ ਉੱਤੋਂ ਪਾਣੀ ਵਾਰ ਕੇ ਪੀਂਦੀ ਸੀ, ਭੈਣਾਂ ਦਰ ਰੋਕਦੀਆਂ ਸਨ। ਮੂੰਹ ਵਖਾਈ ਪਿੱਛੋਂ ਗੋਤ-ਕਨਾਲ਼ਾ ਕੀਤਾ ਜਾਂਦਾ ਸੀ। ਸ਼ਰੀਕੇ ਦੀਆਂ ਔਰਤਾਂ ਅਤੇ ਨਵੀਂ ਬਹੁ ਦੀਆਂ ਦਰਾਣੀਆਂ-ਜਠਾਣੀਆਂ ਰਲ਼ ਕੇ ਇੱਕੋ ਥਾਲੀ ਵਿੱਚ ਭੋਜਨ ਛੱਕਦੀਆਂ ਸਨ।

ਅਗਲੀ ਸਵੇਰ ਲਾੜਾ ਲਾੜੀ ਆਪਣੇ ਜਠੇਰਿਆਂ ਨੂੰ ਮੱਥਾ ਟੇਕਣ ਜਾਂਦੇ ਸਨ ਤੇ ਛਟੀਆਂ ਖੇਲਦੇ ਸਨ। ਉਹ ਇਕ ਦੂਜੇ ਤੇ ਸਤ-ਸਤ ਛਟੀਆਂ ਮਾਰਦੇ। ਘਰ ਆ ਕੇ ਕੰਗਣਾ ਖੋਲ੍ਹਣ ਅਤੇ ਗਾਨਾ ਖੋਹਲਣ ਦੀ ਖੇਡ ਵੀ ਖੇਡੀ ਜਾਂਦੀ।

ਤੀਜੇ ਦਿਨ ਨਵੀਂ ਬਹੁ ਦਾ ਦਾਜ ਸ਼ਰੀਕੇ ਦੀਆਂ ਤੀਵੀਆਂ ਨੂੰ ਵਖਾਇਆ ਜਾਂਦਾ। ਇਸ ਰਸਮ ਨੂੰ ਵਖਾਵਾ ਆਖਦੇ ਹਨ। ਇਸ ਦਿਨ ਬਹੂ ਦੀ ਛੋਟੀ ਨਣਦ ਉਸ ਦੀ ਪੇਟੀ ਖੋਹਲਦੀ ਅਤੇ ਪੇਟੀ ਖੁਲਾਈ ਦਾ ਮਨ ਭਾਉਂਦਾ ਸੂਟ ਲੈਂਦੀ।

ਪਹਿਲੇ ਸਮਿਆਂ ਵਿੱਚ ਵਿਆਹ ਤੋਂ ਤਿੰਨ ਚਾਰ ਸਾਲਾਂ ਮਗਰੋਂ ਮੁਕਲਾਵਾ ਤੋਰਿਆ ਜਾਂਦਾ ਸੀ। ਹੁਣ ਮੁਕਲਾਵਾ ਨਾਲ਼ ਹੀ ਆ ਜਾਂਦਾ ਹੈ।

ਹੁਣ ਵਿਆਹ ਦੀਆਂ ਬਹੁਤ ਸਾਰੀਆਂ ਰਸਮਾਂ ਖ਼ਤਮ ਹੋ ਗਈਆਂ ਹਨ। ਅਜ ਕਲ੍ਹ ਬਰਾਤ ਤਿੰਨ ਦਿਨਾਂ ਦੀ ਥਾਂ ਇਕੋ ਦਿਨ ਰੱਖੀ ਜਾਂਦੀ ਹੈ। ਪਰੇਮ ਵਿਆਹ ਦੀ ਸੂਰਤ ਵਿੱਚ ਮੁੰਡਾ ਕੁੜੀ ਸਿੱਧੇ ਕਚਹਿਰੀ ਜਾ ਕੇ ਆਪਣਾ ਕਾਜ ਰਚਾ ਲੈਂਦੇ ਹਨ।

ਮੈਰਜ ਪੈਲੇਸਾਂ ਵਿੱਚ ਹੁੰਦੇ ਵਿਆਹਾਂ ਨੇ ਤਾਂ ਵਿਆਹ ਦੀਆਂ ਰਸਮਾਂ ਦਾ ਮਲੀਆਮੇਟ ਹੀ ਕਰਕੇ ਰੱਖ ਦਿੱਤਾ ਹੈ।

ਮੁਟਿਆਰ ਦੇ ਗਭਰੂ ਪਤੀ ਮਰਨ ਤੇ ਛੋਟੇ ਦਿਓਰਾਂ ਉੱਤੇ ਚਾਦਰ ਪਾਉਣ ਦੀ ਰਸਮ ਵੀ ਪੰਜਾਬ ਵਿੱਚ ਕਾਫੀ ਲੰਮੇ ਸਮੇਂ ਤੱਕ ਪ੍ਰਚੱਲਤ ਰਹੀ ਹੈ।

ਗ਼ਮੀ ਖ਼ੁਸ਼ੀ ਜੀਵਨ ਦੇ ਅਨਿਖੜਵੇਂ ਅੰਗ ਹਨ। ਮਰਨ ਸਮੇਂ ਵੀ ਕਈ ਰਸਮਾਂ ਕੀਤੀਆਂ ਜਾਂਦੀਆਂ ਹਨ। ਪਿੰਡ ਭਰਾਉਣੇ, ਕਪਾਲ ਕਿਰਿਆ, ਫੁੱਲ ਚੁਗਣੇ, ਕੁੜਮੱਤਾਂ ਅਤੇ ਹੰਗਾਮੇ ਦੀ ਰਸਮ ਆਮ ਪ੍ਰਚਲਤ ਹੈ। ਸਿਆਪਾ, ਮਰਨੇ ਦੀ ਇਕ ਵਿਸ਼ੇਸ਼ ਰਸਮ ਹੈ। ਮਰਗ ਵਾਲੇ ਘਰ ਫੂਹੜੀ ਵਿਛ ਜਾਂਦੀ ਹੈ। ਅੰਗਾਂ ਸਾਕਾਂ ਤੋਂ ਮਕਾਣਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਹ ਵੈਣ ਪਾਉਂਦੀਆਂ ਹਨ। ਮਰਾਸਣ, ਸਿਆਪੇ ਦੀ ਅਗਵਾਈ ਕਰਦੀ ਹੈ। ਕੀਰਨੇ ਦੀ ਆਖਰੀ ਤੁਕ ਨੂੰ ਚੁੱਕ ਕੇ

79/ਮਹਿਕ ਪੰਜਾਬ ਦੀ