ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/84

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਭੇੜ ਵੇਖੀ ਜਾਣ।

ਪੰਜਾਬ ਦੇ ਤਕਰੀਬਨ ਹਰ ਪਿੰਡ ਵਿੱਚ ਸ਼ਿਕਾਰੀ ਜ਼ਰੂਰ ਹੋਇਆ ਕਰਦੇ ਸਨ ਜਿਨ੍ਹਾਂ ਦਾ ਸ਼ੌਕ ਕੁੱਤਿਆਂ ਨਾਲ ਸ਼ਿਕਾਰ ਖੇਡਣਾ ਹੁੰਦਾ ਸੀ। ਉਹਨਾਂ ਨੇ ਰੋਹੀਆਂ ਵਿੱਚ ਸਾਰਾ ਦਿਨ ਤੂਓ-ਤੂਓ ਕਰਦੇ ਫਿਰਨਾ ਤੇ ਕਈ ਵਾਰ ਆਥਣੇ ਨਿਰਾਸ ਹੋ ਕੇ ਖਾਲੀ ਹੱਥੀਂ ਘਰ ਪਰਤ ਆਉਣਾ। ਇਹ ਸ਼ਿਕਾਰੀ ਆਪਣੇ ਕੁੱਤਿਆਂ ਦੀ ਖੂਬ ਸੇਵਾ ਸੰਭਾਲ ਕਰਦੇ ਸਨ-ਆਪ ਭਾਵੇਂ ਭੁੱਖੇ ਰਹਿਣ ਪਰ ਸ਼ਿਕਾਰੀ ਕੁੱਤਿਆਂ ਨੂੰ ਅਜਾ ਨਹੀਂ ਸੀ ਲੱਗਣ ਦੇਂਦੇ। ਇਹਨਾਂ ਸ਼ਿਕਾਰੀਆਂ ਦੀ ਦੇਖਾ ਦੇਖੀ ਪਿੰਡ ਦੇ ਜੁਆਕਾਂ ਨੇ ਆਮ ਕੁੱਤਿਆਂ ਦੇ ਗਲਾਂ ਵਿੱਚ ਰੱਸੀਆਂ ਪਾਕੇ ਸ਼ਿਕਾਰ ਤੇ ਚੜ੍ਹਨਾ ਤੇ ਲੋਕਾਂ ਦੇ ਬਰਸੀਮ ਤੇ ਚਾਰੇ ਮਿੱਧਦੇ ਫਿਰਨਾ।

ਪੰਜਾਬ ਦੇ ਖਾਂਦੇ ਪੀਂਦੇ ਜੱਟਾਂ ਵਿੱਚ ਵਧੀਆ ਨਸਲ ਦੇ ਪਸ਼ੂ ਪਾਲਣ ਦਾ ਸ਼ੌਕ ਆਮ ਰਿਹਾ ਹੈ। ਬਲਦਾਂ ਦੀਆਂ ਜੋੜੀਆਂ ਤੇ ਘੋੜੀਆਂ ਰੀਝਾਂ ਨਾਲ ਪਾਲੀਆਂ ਜਾਂਦੀਆਂ ਸਨ। ਘੋੜੀਆਂ ਅਤੇ ਬਲਦਾਂ ਦੇ ਸ਼ੌਂਕੀ ਉਹਨਾਂ ਨੂੰ ਪੁੱਤਾਂ ਵਾਂਗ ਪਾਲਦੇ ਸਨ-ਉਹਨਾਂ ਦੇਸੀ ਘਿਓ ਦੇ ਪੀਪੇ ਇਹਨਾਂ ਨੂੰ ਚਾਰ ਦੇਣ-ਦੇਖਿਆਂ ਭੁੱਖ ਲਹਿਣੀ-ਚਿੱਟੀਆਂ ਘੋੜੀਆਂ ਨੇ ਬੁਲਬੁਲਾਂ ਵਾਂਗ ਉਡਣਾ-ਵੱਡਮੁੱਲੀਆਂ ਜ਼ੀਨਾਂ, ਗਲਾਂ ਵਿੱਚ ਚਾਂਦੀ ਦੀਆਂ ਹਮੇਲਾਂ ਤੇ ਪੈਰਾਂ ਵਿੱਚ ਝਾਂਜਰਾਂ ਪਾਈਂ ਜਦੋਂ ਘੋੜੀ ਨੇ ਡੱਗੇ ਦੀ ਤਾਲ ਤੇ ਨੱਚਣਾ ਤਾਂ ਇੱਕ ਸਮਾਂ ਬੰਨ੍ਹਿਆਂ ਜਾਣਾ। ਘੋੜ ਸਵਾਰ ਨੇ ਨੇਜ਼ੇ ਨਾਲ, ਕਿੱਲੇ ਪੁੱਟਣੇ। ਨੇਜ਼ਾ ਬਾਜ਼ੀ ਦੇ ਮੁਕਾਬਲੇ ਹੋਣੇ। ਬਲਦਾਂ ਦੀਆਂ ਜੋੜੀਆਂ ਬੈਲਗੱਡੀਆਂ ਦੀ ਦੌੜ ਦੇ ਮੁਕਾਬਲਿਆਂ ਲਈ ਪਾਲੀਆਂ ਜਾਂਦੀਆਂ ਸਨ। ਇਹਨਾਂ ਪਾਸੋਂ ਉਹ ਖੇਤੀਬਾੜੀ ਦਾ ਕੰਮ ਨਹੀਂ ਸੀ ਲੈਂਦੇ। ਬੈਲ ਗੱਡੀਆਂ ਦੀਆਂ ਦੌੜਾਂ ਪੰਜਾਬੀਆਂ ਲਈ ਮਨੋਰੰਜਨ ਦਾ ਵਿਸ਼ੇਸ਼ ਸਾਧਨ ਰਹੀਆਂ ਹਨ। ਅੱਜਕੱਲ੍ਹ ਵੀ ਪੇਂਡੂ ਖੇਡਾਂ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਹਨ। ਨੇਜ਼ਾਬਾਜ਼ੀ ਦਾ ਸ਼ੌਕ ਤਾਂ ਤਕਰੀਬਨ ਸਮਾਪਤ ਹੀ ਹੋ ਗਿਆ ਹੈ। ਸਵਾਰੀ ਲਈ ਭਲਾ ਕੌਣ ਘੋੜੀਆਂ ਰੱਖਦਾ ਹੈ। ਹੁਣ ਤਾਂ ਪੰਜਾਬ ਦੇ ਪਿੰਡਾਂ ਵਿੱਚ ਕਾਰਾਂ, ਮੋਟਰ ਸਾਈਕਲ ਤੇ ਸਕੂਟਰ ਆਮ ਹੀ ਹੋ ਗਏ ਹਨ।

ਪੰਜਾਬੀ ਗੱਭਰੂਆਂ ਵਿੱਚ ਆਪਣੇ ਸਰੀਰ ਨੂੰ ਨਰੋਆ ਰੱਖਣ ਦਾ ਸ਼ੌਕ ਉਹਨਾਂ ਦੇ ਨਿੱਤ ਦੇ ਕੰਮ ਵਿੱਚ ਬਹੁਤ ਸਹਾਈ ਹੋਇਆ ਕਰਦਾ ਸੀ। ਖੇਤੀ ਦਾ ਧੰਦਾ ਮਾੜੇ ਧੀੜੇ ਦੇ ਕਰਨ ਦਾ ਨਹੀਂ ਸੀ। ਹਰ ਕੰਮ ਹੱਥੀਂ ਕਰਨਾ ਪੈਂਦਾ ਸੀ। ਹਰਟ ਨਹੀਂ ਸਨ, ਚੜੋ ਸਨ, ਹਲ ਵਾਹੁਣ ਅਤੇ ਭਾਰ ਚੁੱਕਣ ਲਈ ਨਰੋਏ ਸਰੀਰ ਦੀ ਲੋੜ ਸੀ। ਇਸ ਲਈ ਪੰਜਾਬੀ ਗੱਭਰੂ ਆਪਣੇ ਸਰੀਰ ਨੂੰ ਨਰੋਆ ਰੱਖਣ ਲਈ ਮੱਝਾਂ ਚੁੰਘਦੇ ਸਨ, ਪੀਪਿਆਂ ਦੇ ਪੀਪੇ ਦੇਸੀ ਘਿਓ ਦੇ ਖਾ ਜਾਂਦੇ ਸਨ। ਆਥਣੇ ਪਿੰਡ ਦੇ ਗੱਭਰੂਆਂ ਨੇ ਕੱਠੇ ਹੋ ਕੇ ਜ਼ੋਰ ਕਰਨਾ, ਮੂੰਗਲੀਆਂ ਫੇਰਨੀਆਂ, ਮੁਗਧਰ ਚੁੱਕਣੇ, ਡੰਡ ਪੇਲਣੇ, ਕਬੱਡੀ ਖੇਡਣੀ ਤੇ ਘੋਲ ਘੁਲਣੇ। ਪੇਂਡੂ ਮੇਲਿਆਂ ਉੱਪਰ ਵੀ ਇਹ ਗੱਭਰੂ ਆਪਣੇ ਬਲ ਦਾ ਪ੍ਰਗਟਾਵਾ ਘੋਲ ਘੁਲ ਕੇ, ਮੂੰਗਲੀਆਂ ਫੇਰਕੇ, ਕਬੱਡੀ ਤੇ ਸੌਂਚੀ ਪੱਕੀ ਖੇਡ ਕੇ, ਬੋਰੀ ਤੇ ਮੁਧਗਰ ਆਦਿ ਚੁੱਕ ਕੇ ਕਰਿਆ ਕਰਦੇ ਸਨ। ਹਰੇਕ ਪਿੰਡ ਦੀ ਕੋਈ

82/ਮਹਿਕ ਪੰਜਾਬ ਦੀ