ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਕੋਈ ਰੱਸਾ ਖਿੱਚਣ ਦੀ ਟੀਮ ਜ਼ਰੂਰ ਹੋਇਆ ਕਰਦੀ ਸੀ। ਇਸ ਪ੍ਰਕਾਰ ਇਹ ਗੱਭਰ ਆਪਣੇ ਪਿੰਡ ਦਾ ਨਾਂ ਚਮਕਾਇਆ ਕਰਦੇ ਸਨ। ਜੇ ਕਿਸੇ ਪਿੰਡ ਦਾ ਨਾਮਵਰ ਪਹਿਲਵਾਨ ਨਿਕਲ ਆਉਣਾ ਤਾਂ ਸਮੁੱਚੇ ਪਿੰਡ ਨੇ ਉਸ ਨੂੰ ਖੁਰਾਕ ਦੇਣੀ ਤੇ ਪਹਿਲਵਾਨਾਂ ਦੇ ਘੋਲ ਕਰਵਾਉਣੇ। ਬਾਜ਼ੀਗਰਾਂ ਦੀਆਂ ਬਾਜ਼ੀਆਂ ਪਵਾਉਣ ਦਾ ਆਮ ਰਿਵਾਜ਼ ਸੀ।

ਹੁਣ ਭਲਾ ਕੌਣ ਬੂਰੀਆਂ ਚੁੰਘਦਾ ਹੈ। ਸਮੇਂ ਦਾ ਚੱਕਰ ਹੀ ਅਜਿਹਾ ਹੈ ਕਿ ਦੁੱਧ ਤਾਂ ਢੋਲਾਂ ਵਿੱਚ ਪੈ ਕੇ ਸ਼ਹਿਰੀਂ ਪੁੱਜ ਜਾਂਦਾ ਹੈ। ਮਸੀਂ ਦੋ-ਤਿੱਪ ਚਾਹ ਲਈ ਬਚਦੇ ਹਨ। ਦੇਸੀ ਘਿਓ ਦੇ ਪੀਪੇ ਖਾਣ ਦੀ ਗੱਲ ਤਾਂ ਇੱਕ ਪਾਸੇ ਰਹੀ ਅਧਿੜਕ ਤੇ ਤਿਓੜ ਨਾਂ ਦਾ ਸ਼ਬਦ ਅੱਜ ਦੇ ਗੱਭਰੂਆਂ ਨੇ ਕਦੀ ਸੁਣਿਆਂ ਹੀ ਨਹੀਂ ਹੋਣਾ। ਅੱਜ ਦੇ ਪੇਂਡੂ ਗੱਭਰੂਆਂ ਦੇ ਸ਼ੌਕ ਤਾਂ ਹੁਣ ਨਸ਼ਿਆਂ ਨੇ ਮੱਲ ਲਏ ਹਨ। ਜਵਾਨੀ ਦੀ ਉਮਰ ਵਿੱਚ ਹੀ ਹੜਬਾਂ ਨਿਕਲੀਆਂ ਹੋਈਆਂ, ਮੂੰਹ ਚਿੱਬਾ ਹੋਇਆ ਪਿਆ ਹੈ। ਨਸ਼ੇ ਦੀਆਂ ਗੋਲੀਆਂ ਅਤੇ ਕੈਪਸੂਲ ਖਾ ਕੇ ਕੰਧਾਂ ਕੌਲਿਆਂ ਨੂੰ ਫੜਦੇ, ਮਿੱਟੀ ਘੱਟੇ ਵਿੱਚ ਰੁਲ ਦੇ, ਜ਼ਰਦੇ ਦੀਆਂ ਚੁਟਕੀਆਂ ਭਰਦੇ ਇਹ ਗੱਭਰੂ ਪੰਜਾਬ ਦੇ ਹਰ ਪਿੰਡ ਵਿੱਚ ਨਜ਼ਰ ਆ ਰਹੇ ਹਨ। ਸ਼ਰਾਬ, ਅਫ਼ੀਮ ਅਤੇ ਡੋਡਿਆਂ ਦੀ ਵਰਤੋਂ ਨੇ ਇਹਨਾਂ ਗੱਭਰੂਆਂ ਦੇ ਸਰੀਰ ਪਿੰਜਰ ਬਣਾ ਕੇ ਧਰ ਦਿੱਤੇ ਹਨ। ਹੁਣ ਕੋਈ ਘੋਲ ਨਹੀਂ ਘੁਲਦਾ, ਜ਼ੋਰ ਅਜ਼ਮਾਈ ਨਹੀਂ ਕਰਦਾ, ਮੂੰਗਲੀਆਂ ਫੇਰਨ ਅਤੇ ਮੁਧਗਰ ਚੁੱਕਣ ਦੀ ਗੱਲ ਤਾਂ ਬੀਤੇ ਸਮੇਂ ਦੀ ਵਾਰਤਾ ਬਣ ਕੇ ਰਹਿ ਗਈ ਹੈ।

ਪੰਜਾਬੀਆਂ ਦੇ ਲੋਕ ਜੀਵਨ ਵਿੱਚੋਂ ਕਵੀਸ਼ਰਾਂ, ਢੱਡ ਸਾਰੰਗੀ ਦੇ ਗਾਉਣ, ਰਾਸਾਂ, ਨਚਾਰਾਂ ਦੇ ਜਲਸੇ ਅਤੇ ਨਕਲਾਂ ਦੇ ਅਖਾੜੇ ਲਵਾਉਣ ਦੇ ਸ਼ੌਕ ਕਿਸੇ ਹੱਦ ਤੱਕ ਵਿਸਰ ਹੀ ਚੁੱਕੇ ਹਨ। ਪੇਂਡੂਆਂ ਵਿੱਚ ਕਿੱਸੇ ਪੜ੍ਹਨ ਦਾ ਸ਼ੌਕ ਆਮ ਹੋਇਆ ਕਰਦਾ ਸੀ। ਇੱਕ ਜਣੇ ਨੇ ਕਿਸੇ ਕਿੱਸੇ ਵਿੱਚੋਂ ਕੋਈ ਬੰਦ ਲਟਕਾਂ ਨਾਲ ਪੜ੍ਹਨਾ, ਸਰੋਤਿਆਂ ਨੇ ਝੂਮ-ਝੂਮ ਜਾਣਾ। ਇਹ ਕਿੱਸੇ ਆਮ ਕਰਕੇ ਆਸ਼ਕਾਂ ਅਤੇ ਡਾਕੂਆਂ ਦੇ ਹੋਇਆ ਕਰਦੇ ਸਨ। ਵਾਰਸ ਦੀ ਹੀਰ, ਸਦਾ ਰਾਮ ਦੀ ਸੋਹਣੀ, ਸ਼ੇਰ ਮੁਹੰਮਦ ਦਾ ਮਿਰਜ਼ਾ, ਹਾਸ਼ਮ ਦੀ ਸੱਸੀ, ਰੀਟਾ ਦੀਨ ਦਾ ਸੁੱਚਾ ਸਿੰਘ ਸੂਰਮਾ, ਭਗਵਾਨ ਸਿੰਘ ਦਾ ਜਿਊਣਾ ਮੋੜ, ਕਾਦਰ ਯਾਰ ਦਾ ਪੂਰਨ ਭਗਤ, ਕਿਸ਼ੋਰ ਚੰਦ ਦਾ ਜਾਨੀ ਚੋਰ, ਗੁਰਦਿੱਤ ਸਿੰਘ ਦੀ ਪਰਤਾਪੀ, ਦੌਲਤ ਰਾਮ ਦਾ ਰੂਪ ਬਸੰਤ ਅਤੇ ਸਾਧੂ ਦਿਆ ਸਿੰਘ ਦਾ ਜ਼ਿੰਦਗੀ ਬਲਾਸ ਆਦਿ ਕਿੱਸੇ ਇਹਨਾਂ ਮਹਿਫ਼ਲਾਂ ਦਾ ਸ਼ਿੰਗਾਰ ਹੋਇਆ ਕਰਦੇ ਸਨ। ਅੱਜ ਕੱਲ੍ਹ ਭਾਲਿਆਂ ਵੀ ਕਿੱਸੇ ਪੜ੍ਹਨ ਵਾਲਾ ਵਿਅਕਤੀ ਤੁਹਾਨੂੰ ਕਿਸੇ ਪਿੰਡ ਵਿੱਚੋਂ ਨਹੀਂ ਲੱਭੇਗਾ। ਪੁਸਤਕਾਂ ਛਾਪਣ ਵਾਲੇ ਵੀ ਕਿੱਸੇ ਨਹੀਂ ਛਾਪਦੇ। ਸਾਹਿਤਕ ਪੁਸਤਕਾਂ ਤੋਂ ਇਲਾਵਾ ਰਸਾਲੇ ਅਤੇ ਅਖ਼ਬਾਰ ਪੇਂਡੂਆਂ ਦੀ ਪਹੁੰਚ ਵਿੱਚ ਆ ਗਏ ਹਨ। ਪਿੰਡ-ਪਿੰਡ ਸਕੂਲ ਖੁੱਲ੍ਹ ਗਏ ਹਨ, ਪੰਚਾਇਤਾਂ ਅਤੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਤੋਂ ਪੁਸਤਕਾਂ ਲੈ ਕੇ ਪਿੰਡਾਂ ਦੇ ਪੜੇ-ਲਿਖੇ ਵਿਅਕਤੀ ਆਪਣੇ ਪੜ੍ਹਨ ਦੇ ਸ਼ੌਕ ਨੂੰ ਮਘਾਈ ਰੱਖਦੇ ਹਨ। ਪਿੰਡਾਂ ਵਿੱਚ ਖੁੱਲ੍ਹੇ ਸਕੂਲਾਂ ਅਤੇ ਕਾਲਜਾਂ ਨੇ ਪੇਂਡੂ ਜੀਵਨ ਵਿੱਚ ਇੱਕ ਸਭਿਆਚਾਰਕ ਇਨਕਲਾਬ ਲੈ ਆਂਦਾ ਹੈ।

83/ਮਹਿਕ ਪੰਜਾਬ ਦੀ