ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੀਤ ਗਾਥਾਵਾਂ

ਪੰਜਾਬ ਦੇ ਪਾਣੀਆਂ ਵਿੱਚ ਮੁਹੱਬਤ ਮਿਸ਼ਰੀ ਵਾਂਗ ਘੁਲੀ ਹੋਈ ਹੈ। ਇਸ ਦੀ ਧਰਤੀ ਤੇ ਪ੍ਰਵਾਨ ਚੜ੍ਹੀਆਂ ਮੂੰਹ-ਜ਼ੋਰ ਮੁਹੱਬਤਾਂ ਨੂੰ ਪੰਜਾਬੀਆਂ ਨੇ ਆਪਣੀ ਦਿਲ ਤਖਤੀ ਤੇ ਬਿਠਾਇਆ ਹੋਇਆ ਹੈ। ਪੰਜਾਬੀਆਂ ਦਾ ਖੁੱਲ੍ਹਾ ਡੁਲ੍ਹਾ ਤੇ ਹਰ ਕਿਸੇ ਨਾਲ਼ ਘੁਲ-ਮਿਲ ਜਾਣ ਦਾ ਸੁਭਾਅ ਪਰਾਇਆਂ ਨੂੰ ਵੀ ਅਪਣਾ ਬਣਾ ਲੈਂਦਾ ਹੈ। ਜਦੋਂ ਦੋ ਦਿਲਾਂ ਦਾ ਮੇਲ ਹੁੰਦਾ ਹੈ ਨਾ ਕੋਈ ਦੇਸ, ਨਾ ਜਾਤ ਬਰਾਦਰੀ, ਨਾ ਧਰਮ ਤੇ ਨਾ ਹੀ ਭਾਸ਼ਾ ਕਿਸੇ ਪ੍ਰਕਾਰ ਦੀ ਅਟਕਾਰ ਪਾਉਂਦੀ ਹੈ। ਇਸ਼ਕ ਓਪਰਿਆਂ ਨੂੰ ਵੀ ਆਪਣਾ ਬਣਾ ਲੈਂਦਾ ਹੈ। ਬਲਖ ਬੁਖਾਰੇ ਤੋਂ ਵਿਓਪਾਰ ਕਰਨ ਆਇਆ ਅਮੀਰਜ਼ਾਦਾ ਇਜ਼ਤ ਬੇਗ ਗੁਜਰਾਤ ਦੇ ਘੁਮ੍ਹਾਰ ਤੁਲੇ ਦੀ ਮੁਟਿਆਰ ਧੀ ਸੋਹਣੀ ਨੂੰ ਵੇਖ ਉਸ ਤੇ ਫਿਦਾ ਹੋ ਜਾਂਦਾ ਹੈ ਤੇ ਸੋਹਣੀ ਉਸ ਨੂੰ ਮਹੀਂਵਾਲ ਦੇ ਰੂਪ ਵਿੱਚ ਅਪਣਾ ਬਣਾ ਲੈਂਦੀ ਹੈ। ਦੋਨੋਂ ਦੇਸ ਦਸਾਂਤਰਾਂ ਦੀਆਂ ਹੱਦਾਂ ਮਿਟਾ ਕੇ ਇਕ ਦੂਜੇ ਤੇ ਜਿੰਦੜੀ ਘੋਲ ਘੁਮਾਉਂਦੇ ਹਨ। ਇੰਜ ਹੀ ਬਲੋਚਸਤਾਨ ਦੇ ਇਲਾਕੇ ਮਿਰਕਾਨ ਦਾ ਸ਼ਾਹਜ਼ਾਦਾ ਪੁੰਨੂੰ ਸਿੰਧ ਦੇ ਸ਼ਹਿਰ ਭੰਬੋਰ ’ਚ ਧੋਬੀਆਂ ਦੇ ਘਰ ਪਲੀ ਸੱਸੀ ਦੇ ਹੁਸਨ ਦੀ ਤਾਬ ਨਾ ਝਲਦਾ ਹੋਇਆ ਆਪਣਾ ਆਪ ਸੱਸੀ ਤੇ ਨਿਛਾਵਰ ਕਰ ਦੇਂਦਾ ਹੈ ਤੇ ਜਦੋਂ ਪੁੰਨੂੰ ਦੇ ਭਰਾ ਪੁੰਨੂੰ ਬਲੋਚ ਨੂੰ ਬੇਹੋਸ਼ ਕਰਕੇ ਆਪਣੇ ਨਾਲ ਲੈ ਤੁਰਦੇ ਹਨ ਤਾਂ ਉਹ ਉਹਦੇ ਵਿਯੋਗ ਵਿੱਚ ਥਲਾਂ ਵਿੱਚ ਭੁਜਦੀ ਹੋਈ ਆਪਣੀ ਜਾਨ ਕੁਰਬਾਨ ਕਰ ਦੇਂਦੀ ਹੈ। ਬਲੋਚ ਪੁਨੂੰ ਅਤੇ ਸੋਹਣੀ ਦਾ ਇਜ਼ਤ ਵੇਗ ਮਹੀਂਵਾਲ ਦੇ ਰੂਪ ਵਿੱਚ ਪੰਜਾਬੀ ਲੋਕ ਮਨਾਂ ਦੇ ਚੇਤਿਆਂ ਵਿੱਚ ਵਸੇ ਹੋਏ ਹਨ। ਪੰਜਾਬ ਦੇ ਕਣ-ਕਣ ਵਿੱਚ ਰਮੀਆਂ ਮੁਹੱਬਤੀ ਰੂਹਾਂ ਸੱਸੀ-ਪੁੰਨੂੰ, ਹੀਰ-ਰਾਂਝਾ, ਸੋਹਣੀ-ਮਹੀਂਵਾਲ ਅਤੇ ਮਿਰਜ਼ਾ-ਸਾਹਿਬਾਂ ਆਦਿ ਅਜਿਹੀਆਂ ਪ੍ਰੀਤ ਕਹਾਣੀਆਂ ਹਨ ਜਿਨ੍ਹਾਂ ਦੀ ਛਾਪ ਪੰਜਾਬੀਆਂ ਦੇ ਮਨਾਂ ਉੱਤੇ ਉਕਰੀ ਹੋਈ ਹੈ।

ਇਹ ਸਾਰੀਆਂ ਪ੍ਰੀਤ ਗਾਥਾਵਾਂ ਮਧਕਾਲ ਵਿੱਚ ਵਾਪਰੀਆਂ ਹਨ। ਪਹਿਲਾਂ ਇਹ ਲੋਕ ਮਾਨਸ ਦੇ ਚੇਤਿਆਂ ’ਚ ਸਾਂਭੀਆਂ ਹੋਈਆਂ ਸਨ। ਲੋਕ ਚੇਤਿਆਂ ਤੋਂ ਇਨ੍ਹਾਂ ਨੂੰ ਸੁਣਕੇ ਮਧਕਾਲ ਦੇ ਕਿੱਸਾਕਾਰਾਂ ਨੇ ਇਹਨਾਂ ਨੂੰ ਆਪਣੇ ਕਿੱਸਿਆਂ ਵਿਚ ਰੂਪਮਾਨ ਕੀਤਾ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਇਹ ਕਿੱਸੇ ਉਪਲਬਧ ਹਨ। ਵਾਰਸ ਦੀ ਹੀਰ, ਪੀਲੂ ਦਾ ਮਿਰਜ਼ਾ, ਹਾਸ਼ਮ ਦੀ ਸੱਸੀ ਅਤੇ ਫਜ਼ਲ ਸ਼ਾਹ ਦੀ ਸੋਹਣੀ ਪੰਜਾਬੀ ਸਾਹਿਤ ਦੀਆਂ ਅਮਰ ਰਚਨਾਵਾਂ ਹਨ ਜਿਨ੍ਹਾਂ ਵਿੱਚ ਪੰਜਾਬ ਦੇ ਜਨ ਜੀਵਨ ਦੀ ਝਲਕ ਸਾਫ਼ ਦਿਸ ਆਉਂਦੀ ਹੈ।

ਇਨ੍ਹਾਂ ਪ੍ਰਮੁਖ ਪ੍ਰੀਤ ਗਾਥਾਵਾਂ ਤੋਂ ਇਲਾਵਾ ਸਥਾਨਕ ਇਲਾਕਿਆਂ ਦੀਆਂ ਪ੍ਰੀਤ ਕਥਾਵਾਂ ਰੋਡਾ ਜਲਾਨੀ, ਕਾਕਾ ਪਰਤਾਪੀ, ਸੋਹਣਾ-ਜੈਠੀ ਅਤੇ ਇੰਦਰ ਬੇਗੋ

85/ਮਹਿਕ ਪੰਜਾਬ ਦੀ