ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ ਮਹੀਂਵਾਲ

ਬਲਖ ਬੁਖਾਰੇ ਦੇ ਇਕ ਅਮੀਰ ਮਿਰਜ਼ਾ ਅਲੀ ਦਾ ਨੌਜਵਾਨ ਪੁੱਤਰ ਇਜ਼ਤ ਬੇਗ ਪੰਜਾਬ (ਭਾਰਤ ਤੇ ਪਾਕਿਸਤਾਨ ਦਾ ਸਾਂਝਾ ਪੰਜਾਬ) ਵਿੱਚ ਵਪਾਰ ਕਰਨ ਦੀ ਨੀਅਤ ਨਾਲ਼ ਆਇਆ। ਉਹ ਗੁਜਰਾਤ (ਪਾਕਿਸਤਾਨ) ਦੇ ਇਕ ਘੁਮਾਰ ਤੁੱਲੇ ਦੀ ਮਨਮੋਹਣੀ ਧੀ ਸੋਹਣੀ ਤੇ ਮੋਹਿਤ ਹੋ ਗਿਆ। ਉਹਨੇ ਸੋਹਣੀ ਦੀ ਖਾਤਰ ਗੁਜਰਾਤ ਵਿੱਚ ਹੀ ਭਾਂਡਿਆਂ ਦੀ ਦੁਕਾਨ ਪਾ ਲਈ। ਉਹ ਹਰ ਰੋਜ਼ ਸੋਹਣੀ ਦੇ ਦੀਦਾਰ ਲਈ ਭਾਂਡੇ ਖਰੀਦਣ ਦੇ ਪੱਜ ਤੁੱਲੇ ਦੀ ਹੱਟੀ ਤੇ ਜਾਂਦਾ। ਆਖਰ ਵਪਾਰ ਵਿੱਚ ਇਜ਼ਤ ਬੇਗ ਨੂੰ ਐਨਾ ਘਾਟਾ ਪੈ ਗਿਆ ਕਿ ਉਸ ਨੂੰ ਮਜਬੂਰ ਹੋ ਕੇ ਤੁੱਲੇ ਦੇ ਘਰ ਹੀ ਮੱਝਾਂ ਚਾਰਨ ਤੇ ਨੌਕਰੀ ਕਰਨੀ ਪੈ ਗਈ। ਉਹ ਹਰ ਰੋਜ਼ ਮੱਝੀਆਂ ਚਾਰਨ ਜਾਂਦਾ ਮਗਰੇ ਸੋਹਣੀ ਉਹਦੇ ਲਈ ਭੱਤਾ ਲੈ ਤੁਰਦੀ। ਇਜ਼ਤ ਬੇਗ ਤੋਂ ਉਹ ਹੁਣ ਮਹੀਂਵਾਲ ਬਣ ਗਿਆ ਸੀ।

ਸੋਹਣੀ ਮਹੀਂਵਾਲ ਦੀ ਹੋ ਗਈ। ਦੋਹਾਂ ਦਾ ਪਿਆਰ ਦਿਨੋਂ ਦਿਨ ਗੂੜ੍ਹਾ ਹੁੰਦਾ ਗਿਆ। ਪਰ ਇਨ੍ਹਾਂ ਦੇ ਪਿਆਰ ਨੂੰ ਸਮਾਜ ਨੇ ਜਰਿਆ ਨਾ। ਲੋਕਾਂ ਨੇ ਸੋਹਣੀ ਦੇ ਮਾਂ ਬਾਪ ਪਾਸ ਇਹਨਾਂ ਦੇ ਪਿਆਰ ਬਾਰੇ ਸ਼ਕਾਇਤਾਂ ਕੀਤੀਆਂ। ਉਲਾਂਭੇ ਦਿੱਤੇ। ਮਹੀਂਵਾਲ ਨੂੰ ਨੌਕਰਿਓਂ ਜਵਾਬ ਮਿਲ਼ ਗਿਆ ਅਤੇ ਸੋਹਣੀ ਨੂੰ ਉਹਨਾਂ ਗੁਜਰਾਤ ਦੇ, ਇਕ ਹੋਰ ਘੁਮ੍ਹਾਰਾਂ ਦੇ ਮੁੰਡੇ ਨਾਲ਼ ਵਿਆਹ ਦਿੱਤਾ।

ਸੋਹਣੀ ਮਹੀਂਵਾਲ ਲਈ ਤੜਫਦੀ ਰਹੀ, ਮਹੀਂਵਾਲ ਸੋਹਣੀ ਦੇ ਵੈਰਾਗ ਵਿੱਚ ਹੰਝੂ ਕੇਰਦਾ ਰਿਹਾ। ਝੂਠੀ ਲੋਕ ਲਾਜ ਨੇ ਦੋ ਪਿਆਰੇ ਵਿਛੋੜ ਦਿੱਤੇ, ਦੋ ਰੂਹਾਂ ਘਾਇਲ ਕਰ ਦਿੱਤੀਆਂ।

ਇਜ਼ਤ ਬੇਗੋਂ ਮਹੀਂਵਾਲ ਬਣਿਆਂ ਮਹੀਂਵਾਲ ਮਹੀਂਵਾਲੋਂ ਫਕੀਰ ਬਣ ਗਿਆ ਅਤੇ ਗੁਜਰਾਤ ਤੋਂ ਵਜ਼ੀਰਾਬਾਦ ਦੇ ਪਾਸੇ ਇਕ ਮੀਲ ਦੀ ਦੂਰੀ ਤੇ ਦਰਿਆ ਝਨਾ ਦੇ ਪਾਰਲੇ ਕੰਢੇ ਝੁੱਗੀ ਜਾ ਪਾਈ।

ਸੋਹਣੀ ਅਪਣੇ ਸਹੁਰਿਆਂ ਦੇ ਘਰੋਂ ਰਾਤ ਸਮੇਂ ਚੋਰੀ ਮਹੀਂਵਾਲ ਨੂੰ ਮਿਲਣ ਲਈ ਦਰਿਆ ਕੰਢੇ ਤੇ ਪੁਜ ਜਾਂਦੀ, ਮਹੀਂਵਾਲ ਦਰਿਆ ਪਾਰ ਕਰਕੇ ਉਸ ਨੂੰ ਆਣ ਮਿਲਦਾ। ਉਹ ਅਪਣੇ ਨਾਲ਼ ਮੱਛੀ ਦਾ ਮਾਸ ਲਈ ਆਉਂਦਾ। ਦੋਨੋਂ ਰਲ਼ ਕੇ ਖਾਂਦੇ। ਕਿਹਾ ਜਾਂਦਾ ਹੈ ਕਿ ਇਕ ਦਿਨ ਮਹੀਂਵਾਲ ਨੂੰ ਮੱਛੀਆਂ ਨਾ ਮਿਲ਼ੀਆਂ, ਉਹਨੇ ਆਪਣਾ ਪੱਟ ਚੀਰ ਕੇ ਕਬਾਬ ਬਣਾ ਲਿਆ। ਪੱਟ ਚੀਰਨ ਕਰਕੇ ਮਹੀਂਵਾਲ ਨੂੰ ਤੈਰਨਾ ਮੁਸ਼ਕਲ ਹੋ ਗਿਆ ਸੀ-ਸੋਹਣੀ ਉਸ ਦਿਨ ਤੋਂ ਆਪ ਦਰਿਆ ਪਾਰ ਕਰਕੇ ਅਪਣੇ ਮਹੀਂਵਾਲ ਦੀ ਝੁੱਗੀ ਵਿੱਚ ਜਾਣ ਲਗ ਪਈ। ਉਹ ਘੜੇ ਰਾਹੀਂ ਦਰਿਆ ਪਾਰ ਕਰਦੀ ਤੇ ਆਉਂਦੀ ਹੋਈ ਘੜੇ ਨੂੰ ਬੂਝਿਆਂ ਵਿੱਚ ਲੁਕੋ ਦਿੰਦੀ। ਸੋਹਣੀ ਦੀ ਨਨਾਣ

87/ਮਹਿਕ ਪੰਜਾਬ ਦੀ