ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਸ਼ਹਿਜ਼ਾਦੇ ਪੁੰਨੂੰ ਦੀ ਤਸਵੀਰ ਸੀ।

ਸੱਸੀ ਦੇ ਸ਼ਹਿਰ ਭੰਬੋਰ ਕੀਚਮ ਦੇ ਸੁਦਾਗਰ ਆਂਦੇ ਜਾਂਦੇ ਰਹਿੰਦੇ ਸਨ। ਉਹ ਸੱਸੀ ਦੇ ਹੁਸਨ ਦੀ ਚਰਚਾ ਆਪਣੇ ਦੇਸ ਜਾ ਕੇ ਕਰਦੇ। ਉੱਥੋਂ ਦਾ ਸ਼ਹਿਜ਼ਾਦਾ ਪੰਨੂੰ ਹੁਸਨਾਕ ਸੱਸੀ ਨੂੰ ਤੱਕਣ ਲਈ ਬੇਤਾਬ ਹੋ ਗਿਆ। ਉਹਨੇ ਆਪਣੇ ਪਿਤਾ ਅਲੀ ਹੋਤ ਨੂੰ ਕੋਈ ਬਹਾਨਾ ਲਾਇਆ ਤੇ ਇਕ ਕਾਫਲੇ ਨਾਲ਼ ਭੰਬੋਰ ਪੁਜ ਗਿਆ। ਸੱਸੀ ਪੁੰਨੂੰ ਇਕ ਦੂਜੇ ਨੂੰ ਇਸ ਤਰ੍ਹਾਂ ਮਿਲੇ ਜਿਵੇਂ ਔੜਾਂ ਮਾਰੀ ਧਰਤੀ ਨੂੰ ਬਾਰਸ਼ ਦੀਆਂ ਬੂੰਦਾਂ ਮਿਲਦੀਆਂ ਹਨ। ਦੋਨੋਂ ਪਿਆਰੇ ਇਕ ਦੂਜੇ ਵਿੱਚ ਲੀਨ ਹੋ ਗਏ।

ਪੁੰਨੂੰ ਦੇ ਨਾਲ਼ ਦੇ ਸੁਦਾਗਰ ਅਪਣੇ ਦੇਸ ਪਰਤ ਗਏ। ਉਹਨਾਂ ਨੇ ਪੁੰਨੂੰ ਦੇ ਪਿਤਾ ਨੂੰ ਪੁੰਨੂੰ ਦੇ ਇਸ਼ਕ ਦੀ ਸਾਰੀ ਵਾਰਤਾ ਜਾਂ ਸੁਣਾਈ। ਉਹਨੇ ਪੁੰਨੂੰ ਦੇ ਭਰਾ, ਪੁੰਨੂੰ ਨੂੰ ਵਾਪਸ ਕੀਚਮ ਲਿਆਉਣ ਲਈ ਭੰਬੋਰ ਭੇਜ ਦਿੱਤੇ। ਉਹ ਕਈ ਦਿਨਾਂ ਦੀ ਮੰਜਲ ਮਾਰ ਕੇ ਸੱਸੀ ਦੇ ਘਰ ਪੁੱਜ ਗਏ। ਪੁੰਨੂੰ ਹੁਣ ਸੱਸੀ ਦੇ ਘਰ ਹੀ ਰਹਿ ਰਿਹਾ ਸੀ। ਸੱਸੀ ਨੇ ਉਹਨਾਂ ਦੀ ਖੂਬ ਖਾਤਰਦਾਰੀ ਕੀਤੀ। ਰਾਤ ਸਮੇਂ ਉਹਨਾਂ ਨੇ ਪੁੰਨੂੰ ਨੂੰ ਨਸ਼ੇ ਵਿੱਚ ਬੇਹੋਸ਼ ਕਰਕੇ ਊਠਾਂ ਤੇ ਲੱਦ ਲਿਆ ਤੇ ਰਾਤੋ ਰਾਤ ਆਪਣੇ ਸ਼ਹਿਰ ਕੀਚਮ ਨੂੰ ਚਾਲੇ ਪਾ ਲਏ।

ਸਵੇਰੇ ਸੱਸੀ ਦੀ ਜਾਗ ਖੁਲ੍ਹੀ-ਉਹਨੇ ਵੇਖਿਆ ਉਹਦੇ ਨਾਲ਼ ਧੋਖਾ ਹੋ ਗਿਆ ਸੀ। ਉਹ ਪੁੰਨੂੰ ਦੇ ਵਿਯੋਗ ਵਿੱਚ ਪਾਗਲ ਹੋ ਗਈ-ਉਹ ਪੁੰਨੂੰ-ਪੁੰਨੂੰ ਕੂਕਦੀ ਡਾਚੀ ਦੇ ਖੁਰੇ ਮਗਰ ਨਸ ਟੁਰੀ। ਕੋਹਾਂ ਦੇ ਕੋਹ ਸੱਸੀ ਭੁਜਦੇ ਥਲਾਂ ਤੇ ਡਾਚੀ ਦਾ ਖੁਰਾ ਲਭਦੀ ਰਹੀ। ਅੰਤ ਸਿੰਧ ਦੇ ਮਾਰੂਥਲਾਂ ਵਿਚਕਾਰ ਭੁੱਖੀ ਭਾਣੀ ਉਹ ਬੇਹੋਸ਼ ਹੋ ਕੇ ਡਿਗ ਪਈ ਤੇ ਪੁੰਨੂੰ-ਪੁੰਨੂੰ ਕੂਕਦੀ ਨੇ ਪਰਾਣ ਤਿਆਗ ਦਿੱਤੇ।

ਦੂਜੇ ਬੰਨੇ ਸਵੇਰ ਸਾਰ ਪੁੰਨੂੰ ਨੂੰ ਹੋਸ਼ ਪਰਤੀ, ਉਹਦੀ ਜਿੰਦ ਸੱਸੀ ਉਹਦੇ ਪਾਸ ਨਹੀਂ ਸੀ। ਉਹਨੇ ਡਾਚੀ ਉੱਪਰੋਂ ਛਾਲ ਮਾਰ ਦਿੱਤੀ ਤੇ ਵਾਪਸ ਮੁੜ ਪਿਆ-ਅੱਗ ਵਰ੍ਹਾਉਂਦੇ ਮਾਰੂਥਲ ਵਿੱਚ ਉਹ ਤੜਪਦੀ ਸੱਸੀ ਪਾਸ ਪੁੱਜਾ ਤੇ ਉਸ ਦੇ ਨਾਲ ਹੀ ਉਹਨੇ ਆਪਣੀ ਜਾਨ ਵਾਰ ਦਿੱਤੀ। ਦੋ ਜਿੰਦਾਂ ਸੁੱਚੀ ਮੁਹੱਬਤ ਲਈ ਕੁਰਬਾਨ ਹੋ ਗਈਆਂ।

92/ਮਹਿਕ ਪੰਜਾਬ ਦੀ