ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਹਿਬਾਂ ਦੇ ਭਰਾ ਸ਼ਮੀਰ ਤੇ ਝੂਮਰਾ ਦੇ ਬਾਹਰਾਂ ਬਣਾ ਕੇ ਦਾਨਾਬਾਦ ਦੇ ਰਸਤੇ ਪੈ ਗਏ। ਘੋੜੀਆਂ ਅਤੇ ਊਠਾਂ ਦੀ ਧੂੜ ਇੱਕ ਤੂਫ਼ਾਨੀ ਹਨ੍ਹੇਰੀ ਵਾਂਗ ਦਾਨਾਬਾਦ ਵੱਲ ਵੱਧਣ ਲੱਗੀ।

ਓਧਰ ਮਿਰਜ਼ੇ ਦੀ ਬੱਕੀ ਸਿਰ ਤੋੜ ਦੌੜਦੀ ਦਾਨਾਬਾਦ ਦੇ ਨੇੜੇ ਪੁੱਜ ਗਈ। ਰਾਤ ਦਾ ਉਣੀਂਦਾ ਤੇ ਸਫ਼ਰ ਦਾ ਥਕੇਵਾਂ ਬੱਕੀ ਤੇ ਭਾਰੂ ਹੋ ਗਿਆ।

ਕੁਝ ਪਲ ਸਸਤਾਉਣ ਲਈ ਮਿਰਜ਼ੇ ਨੇ ਬੱਕੀ ਨੂੰ ਜੰਡ ਨਾਲ਼ ਬੰਨ੍ਹ ਦਿੱਤਾ ਤੇ ਆਪ ਸਾਹਿਬਾਂ ਦੇ ਪਟ ਦਾ ਸਰਾਹਣਾ ਲਾਕੇ ਸੌਂ ਗਿਆ।

ਘੋੜੀਆਂ ਦੀਆਂ ਟਾਪਾਂ ਨੇੜੇ ਆਉਂਦੀਆਂ ਗਈਆਂ। ਸਾਹਿਬਾਂ ਨੇ ਮਿਰਜ਼ੇ ਨੂੰ ਹਲੂਣਿਆ, "ਮਿਰਜ਼ਿਆ ਜਾਗ ਖੋਲ੍ਹ ਵੈਰੀ ਸਿਰ ਤੇ ਪੁੱਜ ਗਏ ਨੇ।"

ਦੋ ਵਾਹਰਾਂ ਦੇ ਵਿਚਕਾਰ ਉਹ ਘੇਰੇ ਗਏ। ਮਿਰਜ਼ੇ ਨੇ ਬੜੀ ਬਹਾਦਰੀ ਨਾਲ਼ ਉਹਨਾਂ ਦਾ ਮੁਕਾਬਲਾ ਕੀਤਾ। ਉਹਦਾ ਇੱਕ-ਇੱਕ ਤੀਰ ਕਈਆਂ ਦੇ ਹੋਸ਼ ਭੁੱਲਾ ਦਿੰਦਾ। ਸੈਆਂ ਬਾਹਵਾਂ ਦਾ ਮੁਕਾਬਲਾ ਕੱਲਾ ਕਦੋਂ ਤੱਕ ਕਰਦਾ। ਉਹਦਾ ਗੇਲੀ ਜਿਹਾ ਸੁੰਦਰ ਸਸੀਰ ਤੀਰਾਂ ਨਾਲ਼ ਛਲਣੀ-ਛਲਣੀ ਹੋ ਗਿਆ ਅਤੇ ਸਾਹਿਬਾਂ ਵੀ ਆਪਣੇ ਪੇਟ ਵਿੱਚ ਕਟਾਰ ਮਾਰ ਕੇ ਮਿਰਜ਼ੇ ਦੀ ਲੋਥ ਤੇ ਜਾ ਡਿੱਗੀ।

ਤੇ ਇੰਜ ਮਿਰਜ਼ਾ ਪੰਜਾਬ ਦੇ ਲੋਕਾਂ ਦੇ ਦਿਲਾਂ ਦਾ ਨਾਇਕ ਬਣ ਗਿਆ ਤੇ ਉਹਦੀਆਂ ਘਰ-ਘਰ ਵਾਰਾਂ ਛਿੜ ਪਈਆਂ-

ਤੇਰੀ ਮੇਰੀ ਲੱਗੀ ਦੋਸਤੀ
ਪੜ੍ਹਦਾ ਨਾਲ਼ ਪਿਆਰਾਂ
ਸਾਹਿਬਾਂ ਨਾਲ਼ ਲੜਾਵੇ ਨੇਤਰ
ਕਹਿੰਦੇ ਲੋਕ ਹਜ਼ਾਰਾਂ
ਮਿਰਜ਼ੇ ਯਾਰ ਦੀਆਂ-
ਘਰ-ਘਰ ਛਿੜੀਆਂ ਵਾਰਾਂ

ਆਪਣੇ ਪਿਆਰੇ ਮਿਰਜ਼ੇ ਲਈ ਪੰਜਾਬ ਦੀ ਗੋਰੀ ਗ਼ਮਾਂ ਦਾ ਤੰਦੁਰ ਬਾਲਦੀ ਹੈ-

ਹੀਰਿਆ ਹਰਨਾ ਬਾਗੀਂ ਚਰਨਾ
ਬਾਗੀਂ ਤਾਂ ਹੋ ਗਈ ਚੋਰੀ
ਪਹਿਲੋਂ ਲੰਘ ਗਿਆ ਕੈਂਠੇ ਵਾਲ਼ਾ
ਮਗਰੋਂ ਲੰਘ ਗਈ ਗੋਰੀ
ਬੁੱਕ-ਬੁੱਕ ਰੋਂਦੀ ਸਾਹਿਬਾਂ ਬਹਿ ਕੇ
ਜਿੰਦ ਗ਼ਮਾਂ ਨੇ ਖੋਰੀ
ਕੂਕਾਂ ਪੈਣਗੀਆਂ ....
ਨਿਹੁੰ ਨਾ ਲਗਦੇ ਜ਼ੋਰੀ

ਗੋਰੀ ਨੂੰ ਆਪਣੇ ਮਿਰਜ਼ੇ ਤੋਂ ਬਿਨਾਂ ਹੋਰ ਕੁਝ ਵੀ ਪੋਂਹਦਾ ਨਹੀਂ-

ਹੁਜ਼ਰੇ ਸ਼ਾਹ ਹਕੀਮ ਦੇ

95/ਮਹਿਕ ਪੰਜਾਬ ਦੀ