ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋ ਸ਼ਬਦ

ਪੰਜਾਬੀ ਸਮਾਜ ਮੁੱਖ ਤੌਰ 'ਤੇ ਕਿਸਾਨੀ ਅਧਾਰਤ ਸਮਾਜ ਹੈ ਜਿਸ ਵਿਚ ਮੁੰਡੇ ਦੇ ਜਨਮ ਅਤੇ ਵਿਆਹ ਦੀ ਵਿਸ਼ੇਸ਼ ਮਹੱਤਤਾ ਰਹੀ ਹੈ। ਇਹ ਦੋਨੋਂ ਅਵਸਰ ਸਮੁੱਚੇ ਪੇਂਡੂ ਭਾਈਚਾਰੇ ਲਈ ਖ਼ੁਸ਼ੀਆਂ ਮਾਣਨ ਅਤੇ ਮਨਾਉਣ ਦੇ ਅਵਸਰ ਪ੍ਰਦਾਨ ਕਰਦੇ ਰਹੇ ਹਨ। ਵਿਆਹ ਕਿਸੇ ਦੇ ਘਰ ਹੋਣਾ, ਚਾਅ ਸਾਰੇ ਸ਼ਰੀਕੇ ਨੂੰ ਚੜ੍ਹ ਜਾਣਾ। ਮਹੀਨਾ ਮਹੀਨਾ ਪਹਿਲਾਂ ਮੁੰਡੇ-ਕੁੜੀ ਵਾਲ਼ਿਆਂ ਦੇ ਘਰ ਸ਼ਰੀਕੇ ਦੀਆਂ ਮੁਟਿਆਰਾਂ ਅਤੇ ਔਰਤਾਂ ਨੇ ਘੋੜੀਆਂ-ਸੁਹਾਗ ਗਾਉਣੇ। ਖ਼ੂਬ ਰੌਣਕਾਂ ਲੱਗਣੀਆਂ। ਉਨ੍ਹਾਂ ਦਿਨਾਂ ਵਿਚ ਬਰਾਤਾਂ ਰੱਥਾਂ, ਬੈਲ ਗੱਡੀਆਂ, ਊਠਾਂ ਅਤੇ ਘੋੜੇ ਘੋੜੀਆਂ 'ਤੇ ਚੜ੍ਹਦੀਆਂ ਸਨ। ਜਨਾਨੀਆਂ ਤੇ ਮੁਟਿਆਰਾਂ ਬਰਾਤ ਨਾਲ਼ ਨਹੀਂ ਸੀ ਜਾਂਦੀਆਂ। ਜੰਨ ਚੜ੍ਹਨ ਮਗਰੋਂ ਆਥਣੇ ਮੇਲਣਾਂ ਨੇ ਛੱਜ ਕੁਟਣਾ, ਗਿੱਧਾ ਪਾਉਣਾ ਤੇ ਰਾਤ ਸਮੇਂ ਜਾਗੋ ਕਢਣੀ ਅਤੇ ਨਾਨਕਿਆਂ ਦੇ ਮੇਲ਼ ਨੇ ਪਿੰਡ ਵਿਚ ਖੌਰੂ ਪਾਈ ਰੱਖਣਾ।

ਕੁੜੀ ਵਾਲ਼ੇ ਪਿੰਡ ਬਰਾਤਾਂ ਨੇ ਦੋ-ਦੋ, ਤਿੰਨ-ਤਿੰਨ ਦਿਨ ਠਹਿਰਨਾ। ਬਰਾਤ ਦਾ ਉਤਾਰਾ ਪਿੰਡ ਵਿਚ ਕਿਸੇ ਧਰਮਸ਼ਾਲਾ ਵਿਚ ਕੀਤਾ ਜਾਂਦਾ ਸੀ। ਬਰਾਤੀਆਂ ਲਈ ਮੰਜੇ ਬਿਸਤਰੇ ਪਿੰਡ ਦੇ ਘਰਾਂ ਵਿਚੋਂ ਹੀ 'ਕੱਠੇ ਕੀਤੇ ਜਾਂਦੇ ਸਨ। ਸਾਰਾ ਭਾਈਚਾਰਾ ਧੀ ਵਾਲ਼ਿਆਂ ਦੀ ਸਹਾਇਤਾ ਕਰਦਾ। ਓਦੋਂ ਵਿਆਹ ਅਤਿ ਸਾਦੇ ਹੁੰਦੇ ਸਨ। ਘਰ ਦੇ ਮੋਕਲ਼ੇ ਵਿਹੜੇ ਵਿਚ ਹੀ ਧੀ ਵਾਲ਼ਿਆਂ ਨੇ ਬਰਾਤੀਆਂ ਨੂੰ ਭੁੰਜੇ ਧਰਤੀ 'ਤੇ ਕੋਰਿਆਂ 'ਤੇ ਬਿਠਾ ਕੇ ਰੋਟੀ ਪਰੋਸਣੀ, ਪਿੰਡ ਦੇ ਗੱਭਰੂ ਹੀ ਰੋਟੀ ਵਰਤਾਉਂਦੇ ਜਿਨ੍ਹਾਂ ਨੂੰ ਪਰੀਹੇ ਆਖਦੇ ਸਨ। ਜਦੋਂ ਬਰਾਤੀ ਰੋਟੀ ਖਾਣ ਲਗਦੇ ਤਾਂ ਕੁੜੀਆਂ ਨੇ ਕੋਠਿਆਂ ਦੇ ਬਨੇਰਿਆਂ 'ਤੇ ਬੈਠ ਕੇ ਉਨ੍ਹਾਂ ਨੂੰ ਸਲੂਣੀਆਂ ਸਿਠਣੀਆਂ ਦੇ ਕੇ ਹਾਸੇ-ਠੱਠੇ ਦਾ ਮਾਹੌਲ ਸਿਰਜਣਾ। ਗੱਭਲੀ ਰੋਟੀ ਵਾਲ਼ੇ ਦਿਨ ਅਕਸਰ ਬਰਾਤੀਆਂ ਨਾਲ਼ ਆਏ ਕਵੀਸ਼ਰਾਂ ਅਤੇ ਢੱਡ ਸਾਰੰਗੀ ਵਾਲ਼ੇ ਗਮੰਤਰੀਆਂ ਨੇ ਅਖਾੜੇ ਲਾਉਣੇ, ਬਰਾਤੀਆਂ ਸਮੇਤ ਸਾਰੇ ਪਿੰਡ ਨੇ ਇਨ੍ਹਾਂ ਦਾ ਆਨੰਦ ਮਾਣਨਾ ਅਤੇ ਖ਼ੁਸ਼ੀਆਂ ਸਾਂਝੀਆਂ ਕਰਨੀਆਂ। ਕਈ ਵਾਰ ਨਕਲੀਏ ਵੀ ਆ ਕੇ ਬਰਾਤੀਆਂ ਦਾ ਮਨੋਰੰਜਨ ਕਰਦੇ। ਹੁਣ ਕਿੱਥੇ ਰਹੀਆਂ ਹਨ ਵਿਆਹਾਂ ਦੀਆਂ ਖ਼ੁਸ਼ੀਆਂ ਭਰਪੂਰ ਰੋਣਕਾਂ। ਅੱਜ ਕਲ੍ਹ ਤਾਂ ਮੈਰਿਜ ਪੈਲੇਸਾਂ ਵਿਚ ਹੁੰਦੇ ਇਕ-ਰੋਜ਼ਾ ਸ਼ੋਰ-ਭਰਪੂਰ ਵਿਆਹ ਸਮਾਗਮਾਂ ਨੇ ਵਿਆਹ ਨਾਲ਼ ਸਬੰਧਿਤ ਅਨੇਕਾਂ ਰਸਮਾਂ ਦਾ ਸਤਿਆਨਾਸ ਕਰਕੇ ਰੱਖ ਦਿੱਤਾ ਹੈ, ਜਿਸ ਸਦਕਾ ਇਨ੍ਹਾਂ ਰਸਮਾਂ ਸਮੇਂ ਗਾਏ ਜਾਂਦੇ ਲੋਕ ਗੀਤ ਵੀ ਸਮੇਂ ਦੀ ਧੂੜ ਵਿਚ ਗੁਆਚ ਰਹੇ ਹਨ।

ਮਹਿੰਦੀ ਸ਼ਗਨਾਂ ਦੀ/ 9