ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/12

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਆਧੁਨਿਕ ਮਸ਼ੀਨੀ ਸਭਿਅਤਾ ਦਾ ਪ੍ਰਭਾਵ ਸਾਡੇ ਲੋਕ ਜੀਵਨ ਦੇ ਹਰ ਖੇਤਰ 'ਤੇ ਪਿਆ ਹੈ, ਜਿਸ ਦੇ ਫ਼ਲਸਰੂਪ ਪੰਜਾਬ ਦੇ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਜੀਵਨ ਵਿਚ ਢੇਰ ਸਾਰੀਆਂ ਤਬਦੀਲੀਆਂ ਵਾਪਰੀਆਂ ਹਨ... ਪਿੰਡਾਂ ਦਾ ਸ਼ਹਿਰੀਕਰਨ ਹੋ ਗਿਆ ਹੈ... ਬਿਜਲਈ ਸੰਚਾਰ ਸਾਧਨਾਂ ਅਤੇ ਪ੍ਰਿੰਟ ਮੀਡੀਏ ਦੇ ਪ੍ਰਭਾਵ ਕਾਰਨ ਪੰਛਮੀ ਸਭਿਅਤਾ ਦਾ ਪਰਛਾਵਾਂ ਸਾਡੇ ਘਰਾਂ ਤਕ ਪੁੰਜ ਗਿਆ ਹੈ। ਪੈਸੇ ਦੀ ਹੋੜ, ਸ਼ੋਹਰਤ ਅਤੇ ਵਖਾਵੇ ਦੀ ਭੁੱਖ ਤੋਂ ਇਲਾਵਾ ਖਪਤ ਕਲਚਰ ਨੇ ਸਾਡੇ ਭਾਈਚਾਰਕ ਜੀਵਨ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ। ਪਹਿਰਾਵਾ, ਰਹਿਣ-ਸਹਿਣ, ਖਾਣ-ਪੀਣ ਦੀਆਂ ਆਦਤਾਂ, ਰਸਮੋ ਰਿਵਾਜ ਅਤੇ ਨੈਤਿਕ ਕਦਰਾਂ-ਕੀਮਤਾਂ ਬਦਲ ਰਹੀਆਂ ਹਨ... ਸਾਂਝੇ ਟੱਬਰ ਟੁੱਟ ਰਹੇ ਹਨ ਅਤੇ ਮੋਹ ਮੁਹੱਬਤਾਂ ਦੀਆਂ ਬਾਤਾਂ ਬੀਤੇ ਸਮੇਂ ਦੀ ਵਾਰਤਾ ਬਣ ਕੇ ਰਹਿ ਗਈਆਂ ਹਨ। ਪੰਜਾਬੀ ਲੋਕ ਜੀਵਨ ਵਿਚ ਚੱਲਤ ਵੰਨ-ਸੁਵੰਨੀਆਂ ਰਸਮਾਂ ਪੰਜਾਬੀ ਲੋਕਾਂ ਦੇ ਭਾਈਚਾਰਕ ਜੀਵਨ ਦੀ ਰਾਂਗਲੀ ਤਸਵੀਰ ਪੇਸ਼ ਕਰਦੀਆਂ ਹਨ। ਇਹ ਉਹ ਸਾਂਝ ਦੀਆਂ ਡੋਰਾਂ ਹਨ ਜਿਨ੍ਹਾਂ ਵਿਚ ਸਮੁੱਚਾ ਭਾਈਚਾਰਾ ਫੁੱਲਾਂ ਦੀ ਲੜੀ ਵਾਂਗ ਪਰੋਤਾ ਹੋਇਆ ਹੈ। ਵਿਆਹ ਦੀਆਂ ਭਿੰਨ-ਭਿੰਨ ਰਸਮਾਂ ਸਮੇਂ ਗਾਏ ਜਾਂਦੇ ਪਰੰਪਰਾਗਤ ਲੋਕ-ਗੀਤ ਪੰਜਾਬ ਦੀ ਲੋਕਧਾਰਾ ਅਤੇ ਸਭਿਆਚਾਰ ਦੇ ਅਣਵਿਧ ਮੋਤੀ ਹਨ। ਲੋਕ-ਗੀਤ ਕਿਸੇ ਵਿਸ਼ੇਸ਼ ਖਿੱਤੇ ਵਿਚ ਵਸਦੇ ਲੋਕਾਂ ਦੇ ਹਾਵਾਂ-ਭਾਵਾਂ, ਉਦਗਾਰਾਂ, ਆਸ਼ਾਵਾਂ, ਗ਼ਮੀਆਂ ਅਤੇ ਖ਼ੁਸ਼ੀਆਂ ਦਾ ਪ੍ਰਗਟਾਵਾ ਹੀ ਨਹੀਂ ਕਰਦੇ ਬਲਕਿ ਇਨ੍ਹਾਂ ਵਿਚ ਕਿਸੇ ਜਨ ਸਮੂਹ ਅਥਵਾ ਜਾਤੀ ਦੇ ਪਰੰਪਰਾਗਤ, ਸਾਂਸਕ੍ਰਿਤਕ ਅਤੇ ਸਭਿਆਚਾਰਕ ਤਤ ਸਮੋਏ ਹੁੰਦੇ ਹਨ। ਪੰਜਾਬ ਦੇ ਲੋਕ-ਗੀਤ ਪੰਜਾਬੀ ਲੋਕ ਜੀਵਨ ਦਾ ਦਰਪਨ ਹਨ ਜਿਨ੍ਹਾਂ ਵਿਚ ਪੰਜਾਬ ਦੀ ਨੱਚਦੀ ਗਾਉਂਦੀ ਸੰਸਕ੍ਰਿਤੀ ਸਾਫ਼ ਨਜ਼ਰੀਂ ਪੈਂਦੀ ਹੈ। ਇਹ ਪੰਜਾਬੀਆਂ ਦੀ ਮੁਲਵਾਨ ਵਿਰਾਸਤ ਹੈ ਜਿਸ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਪੰਜਾਬ ਦੇ ਲੋਕ ਮੰਚ ਉਤੋਂ ਅਲੋਪ ਹੋ ਰਹੇ ਵਿਆਹ ਦੇ ਲੋਕ-ਗੀਤਾਂ ਨੂੰ ਜੋ ਵੱਖ-ਵੱਖ ਰਸਮਾਂ ਸਮੇਂ ਗਾਏ ਜਾਂਦੇ ਹਨ ਇਸ ਪੁਸਤਕ ਰਾਹੀਂ ਸਾਂਭਣ ਦਾ ਯਤਨ ਕੀਤਾ ਗਿਆ ਹੈ- ਸੁਹਾਗ, ਘੋੜੀਆਂ, ਸਿਠਣੀਆਂ, ਹੇਅਰੇ, ਆਉਂਦੀ ਕੁੜੀਏ ਜਾਂਦੀਏ ਕੁੜੀਏ, ਛੰਦ ਪਰਾਗੇ, ਜਾਗੋ ਅਤੇ ਗਿੱਧੇ ਦੀਆਂ ਬੋਲੀਆਂ ਵਿਆਹ ਦੇ ਪ੍ਰਮੁੱਖ ਗੀਤ ਰੂਪ ਹਨ ਜਿਨ੍ਹਾਂ ਨੂੰ ਇਸ ਸੈਂਚੀ ਵਿਚ ਸ਼ਾਮਲ ਕਰਕੇ ਇਨ੍ਹਾਂ ਬਾਰੇ ਲੋੜੀਂਦੀ ਜਾਣਕਾਰੀ ਵੀ ਪ੍ਰਦਾਨ ਕੀਤੀ ਗਈ ਹੈ। | ਮੈਨੂੰ ਆਸ ਹੈ ਜਿੱਥੇ ਲੋਕਧਾਰਾ ਦੇ ਵਿਦਵਾਨ ਅਤੇ ਖੋਜਾਰਥੀ ਇਸ ਪੁਸਤਕ ਦਾ ਸਮਾਜ ਵਿਗਿਆਨ, ਭਾਸ਼ਾ ਵਿਗਿਆਨ ਅਤੇ ਲੋਕ-ਧਾਰਾਈ ਦ੍ਰਿਸ਼ਟੀ ਤੋਂ ਅਧਿਐਨ ਕਰਨਗੇ ਓਥੇ ਇਹ ਆਮ ਪਾਠਕਾਂ ਨੂੰ ਵੀ ਆਪਣੀ ਗੌਰਵਮਈ ਵਿਰਾਸਤ ਨਾਲ ਜੋੜੇਗੀ। -ਸੁਖਦੇਵ ਮਾਦਪੁਰੀ ਮਹਿੰਦੀ ਸ਼ਗਨਾਂ ਦੀ/ 10 .