ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/150

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਰਦੀਆਂ ਹਨ। ਵਿਆਹ ਦੇ ਹੋਰ ਅਵਸਰਾਂ ’ਤੇ ਵੀ ਬਣਦੇ ਰਿਸ਼ਤੇ ਫੁਫੜਾਂ, ਮਾਸੜਾਂ, ਜੇਠਾਂ ਅਤੇ ਜੀਜਿਆਂ ਆਦਿ ਨੂੰ ਹੇਅਰੇ ਦੇ ਕੇ ਉਨ੍ਹਾਂ ਦਾ ਮਜ਼ਾਕ ਉਡਾ ਕੇ ਹਾਸੇ ਠੱਠੇ ਦਾ ਮਾਹੌਲ ਸਿਰਜਿਆ ਜਾਂਦਾ ਹੈ। ਹੇਅਰਿਆਂ ਦਾ ਮਜ਼ਾਕ ਸਿਠਣੀਆਂ ਵਾਂਗ ਤਿੱਖਾ ਨਹੀਂ ਹੁੰਦਾ, ਨਾ ਹੀ ਚੁਭਵਾਂ ਹੁੰਦਾ ਹੈ। ਦਾਦਕੀਆਂ-ਨਾਨਕੀਆਂ ਜਦੋਂ ਵਿਆਹ ’ਚ ਵਿਹਲ ਮਿਲੇ ਇਕ ਦੂਜੇ ਨੂੰ ਵਿਅੰਗਮਈ ਹੇਅਰਾ ਸੁਣਾ ਕੇ ਮਨ ਦਾ ਭਾਰ ਹੌਲਾ ਕਰਦੀਆਂ ਹਨ।
ਹੇਅਰੇ ਕੇਵਲ ਵਿਆਹ ਵਿਚ ਰੰਗ ਭਰਨ ਅਤੇ ਹਾਸੇ ਮਖੌਲ ਦਾ ਵਾਤਾਵਰਣ ਉਸਾਰਨ ਲਈ ਹੀ ਨਹੀਂ ਗਾਏ ਜਾਂਦੇ ਬਲਕਿ ਇਨ੍ਹਾਂ ਰਾਹੀਂ ਗੂੜ੍ਹ ਗਿਆਨ ਦੀ ਚਾਸ਼ਨੀ ਵੀ ਚਾੜ੍ਹੀ ਜਾਂਦੀ ਹੈ। ਇਹ ਲੋਕ ਸਿਆਣਪਾਂ ਦਾ ਅਮੁੱਲ ਭੰਡਾਰ ਹਨ! ਇਹ ਸੈਂਕੜਿਆਂ ਦੀ ਗਿਣਤੀ ਵਿਚ ਉਪਲਬਧ ਹਨ।
ਹੇਅਰਾ ਮੰਗਲਮਈ ਗੀਤ ਰੂਪ ਹੈ। ਇਸ ਦੇ ਗਾਉਣ ਦਾ ਆਪਣਾ ਅੰਦਾਜ਼ ਹੈ, ਨੇਮ ਹੈ। ਇਹ ਸੰਬੋਧਨੀ ਸੁਰ ਵਿਚ ਗਾਇਆ ਜਾਂਦਾ ਹੈ, ਇਸ ਦੇ ਬੋਲਾ ਨੂੰ ਟਕਾ ਕੇ ਔਰਤਾਂ ਜੋਟਿਆਂ ਦੇ ਰੂਪ ਵਿਚ ਲੰਬੀ ਹੇਕ ਨਾਲ ਗਾਉਂਦੀਆਂ ਹਨ।
ਵਿਆਹ ਦਾ ਅਵਸਰ ਪਰਿਵਾਰ ਅਤੇ ਸਮੁੱਚੇ ਭਾਈਚਾਰੇ ਲਈ ਖੁਸ਼ੀਆਂ ਅਤੇ ਖੇੜਿਆਂ ਦਾ ਢੋਆ ਲੈ ਕੇ ਆਉਂਦਾ ਹੈ! ਵੀਰ ਦੇ ਵਿਆਹ ਤੇ ਭੈਣ ਦਾ ਚਾਅ ਝੱਲਿਆ ਨਹੀਂ ਜਾਂਦਾ ਉਹ ਆਪਣੇ ਵੀਰ ਦੇ ਸੁਹੱਪਣ, ਸਿਆਣਪ ਅਤੇ ਭਰੱਪਣ ਦਾ ਜ਼ਿਕਰ ਸਿਹਰੇ ਬੰਨ੍ਹਣ ਦੀ ਰਸਮ ਸਮੇਂ ਗਾਏ ਜਾਂਦੇ ਹੇਅਰਿਆਂ ਵਿਚ ਬੜੀਆ ਲਟਕਾਂ ਨਾਲ਼ ਕਰਦੀ ਹੈ:

ਜਿੱਦਣ ਵੀਰਾ ਤੂੰ ਜਰਮਿਆਂ
ਵਗੀ ਪੁਰੇ ਦੀ ਵਾਲ਼
ਕਦੇ ਨਾ ਮੁੱਖੋਂ ਬੋਲਿਆ
ਕਦੇ ਨਾ ਕੱਢੀ ਗਾਲ਼

ਜਿੱਦਣ ਵੀਰਾ ਤੂੰ ਜਰਮਿਆਂ
ਤੇਰੀ ਮਾਂ ਨੇ ਖਾਧੀ ਖੰਡ
ਸਿਖ਼ਰ ਦੁਪਹਿਰੇ ਜੰਨ ਚੜ੍ਹਿਆ
ਤੇਰਾ ਚੋ ਚੋ ਪੈਂਦਾ ਰੰਗ

ਵੀਰ ਦੀ ਦਾਨਸ਼ਵਰੀ ਦੀ ਵਡਿਆਈ ਕਰਦੀ ਭੈਣ ਬੜੇ ਹੰਮੇ ਨਾਲ
ਹੇਅਰਾ ਲਾਉਂਦੀ ਹੈ:

ਮਹਿੰਦੀ ਸ਼ਗਨਾਂ ਦੀ/154