ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਂਦੀ ਦੀ ਵੀਰਾ ਕਾਗਤੀ
ਸੋਨੇ ਕਲਮ ਦੁਆਤ
ਸ਼ਾਹੀ ਲੇਖਾ ਕਰਦਾ ਵੇ ਸੋਹਣਿਆਂ
ਤੇਰੀ ਹਾਕਮ ਪੁਛਦੇ ਬਾਤ

ਜੁੱਤੀ ਤਾਂ ਤੇਰੀ ਕਢਵੀਂ ਵੀਰਾ
ਵਿਚ ਤਿੱਲੇ ਦੀ ਵੇ ਤਾਰ
ਝੁਕ ਝੁਕ ਵੇਖਣ ਸਾਲ਼ੀਆਂ
ਵੇ ਕੋਈ ਲੁਕ ਲੁਕ ਵੇਖੇ ਨਾਰ

ਤੇਰੇ ਵੇ ਵੀਰਾ ਰੂਪ ਦੇ
ਕੋਈ ਦਿੱਲੀ ਛਪਣ ਅਖ਼ਬਾਰ
ਝੁਕ ਝੁਕ ਵੇਖਣ ਨਾਰੀਆਂ
ਲੁਕ ਲੁਕ ਦੇਖੇ ਨਾਰ

ਕੁੜਤਾ ਤੇਰਾ ਵੀਰਾ ਮੈਂ ਸਿਊਮਾਂ
ਕੋਈ ਜਾਗਟ ਸਿਊਂਦੀ ਤੰਗ
ਸਿਖ਼ਰ ਦੁਪਹਿਰੇ ਚੰਨ ਚੜ੍ਹਿਆ
ਤੇਰਾ ਚੋ ਚੋਂ ਪੈਂਦਾ ਰੰਗ

ਉਹ ਆਪਣੇ ਵੀਰ ਨੂੰ ਲਗਰ ਵਰਗੀ ਸੋਹਲ ਤੇ ਸੁਨੱਖੀ ਭਾਬੀ ਲਿਆਉਣ
ਦੀ ਚਾਹਨਾ ਕਰਦੀ ਹੈ:

ਜੰਨ ਚੜ੍ਹੀ ਵੀਰਾ ਹੱਸ ਕੇ
ਬਹੂ ਲਿਆਈਂ ਮੁਟਿਆਰ
ਅੰਗ ਦੀ ਹੋਵੇ ਪਤਲੀ
ਜਿਹੜੀ ਸੋਹੇ ਬੂਹੇ ਦੇ ਬਾਰ

ਮਾਣਮੱਤੀ ਭੈਣ ਆਪਣੇ ਬਾਬੇ ਅਤੇ ਬਾਪੂ ਨੂੰ ਵੀਰੇ ਦੇ ਵਿਆਹ 'ਤੇ ਦਿਲ
ਖੋਹਲ ਕੇ ਖ਼ਰਚ ਕਰਨ ਲਈ ਵੀ ਆਖਦੀ ਹੈ। ਸ਼ਗਨਾਂ ਦੇ ਦਿਨ ਵਾਰ ਵਾਰ ਨਹੀਂ
ਆਉਂਦੇ ਉਹ ਪੈਸਿਆਂ ਨੂੰ ਠੀਕਰੀਆਂ ਸਮਾਨ ਸਮਝ ਕੇ ਵਰਤੋਂ ਕਰਨ ਲਈ ਪ੍ਰੇਰਦੀ ਹੈ:

ਮਹਿੰਦੀ ਸ਼ਗਨਾ ਦੀ/155