ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਾਲੀ਼ਆਂ ਦੇ ਵਸ ਪਿਆ ਜੀਜਾ ਵਿਚਾਰਾ ਭਮੱਤਰ ਜਾਂਦਾ ਹੈ- ਉਹ ਤਾਂ ਉਹਨੂੰ ਬਾਂਦਰ ਬਣਾ ਕੇ ਨਚਾਉਂਦੀਆਂ ਹਨ- ਸਰਵਾਲਾ ਮੁਸਕੜੀਏਂ ਮੁਸਕਰਾਉਂਦਾ ਹੈ:
ਚੁਟਕੀ ਮਾਰਾਂ ਰਾਖ ਦੀ
ਤੈਨੂੰ ਬਾਂਦਰ ਲਵਾਂ ਬਣਾ
ਗਲ਼ ਵਿਚ ਸੰਗਲੀ ਪਾ ਕੇ
ਤੈਨੂੰ ਦਰ ਦਰ ਲਵਾਂ ਪਾ
ਬਾਬਲ ਦੇ ਦਰੋਂ ਜਦੋਂ ਪੁੱਤਾਂ ਵਾਂਗ ਪਾਲੀ ਧੀ ਡੋਲੀ ਦੇ ਰੂਪ ਵਿਚ ਵਿਦਾ ਹੁੰਦੀ ਹੈ ਤਾਂ ਉਸ ਸਮੇਂ ਸੋਗੀ ਵਾਤਾਵਰਣ ਉਤਪੰਨ ਹੋ ਜਾਂਦਾ ਹੈ। ਉਸ ਸਮੇਂ ਭੇਣਾ ਤੇ ਸਖੀਆਂ ਸਹੇਲੀਆਂ ਬੜੇ ਦਰਦੀਲੇ ਬੋਲਾਂ ਨਾਲ ਉਸ ਨੂੰ ਵਿਦਾ ਕਰਦੀਆਂ ਹਨ:
ਬਾਬਲ ਵਿਦਾ ਕਰੇਂਦਿਆ
ਮੈਨੂੰ ਰੱਖ ਲੈ ਅੱਜ ਦੀ ਰਾਤ ਵੇ
ਕਿੱਕਣ ਰੱਖਾਂ ਧੀਏ ਮੇਰੀਏ
ਮੈਂ ਤਾਂ ਸੱਜਣ ਸਦਾਏ ਆਪ ਨੀ
ਛੰਨਾ ਭਰਿਆ ਮਾਸੜਾ ਦੁੱਧ ਦਾ
ਕੋਈ ਘੁੱਟੀਂ ਘੁੱਟੀਂ ਪੀ
ਜੇ ਥੋਡਾ ਪੁੱਤ ਹੈ ਲਾਡਲਾ
ਸਾਡੀ ਪੁੱਤਾਂ ਬਰਾਬਰ ਧੀ
ਸੂਹੇ ਨੀ ਭੈਣੇ ਤੇਰੇ ਕਪੜੇ
ਕਾਲ਼ੇ ਕਾਲ਼ੇ ਕੇਸ
ਧਨ ਜਿਗਰਾ ਤੇਰੇ ਬਾਪ ਦਾ
ਜੀਹਨੇ ਦਿੱਤੀ ਪਰਾਏ ਦੇਸ
ਦੋ ਕਬੂਤਰ ਰੰਗਲੇ
ਚੁਗਦੇ ਨਦੀਓਂ ਪਾਰ
ਸਾਡੀ ਭੈਣ ਨੂੰ ਇਓਂ ਰੱਖਿਓ
ਜਿਉਂ ਫੁੱਲਾਂ ਦਾ ਹਾਰ
ਮਹਿੰਦੀ ਸ਼ਗਨਾਂ ਦੀ 160