ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਜਦੋਂ ਡੋਲ਼ੀ ਸਹੁਰੇ ਘਰ ਪੁਜ ਜਾਂਦੀ ਹੈ ਤਾਂ ਲਾੜੇ ਦੀ ਮਾਂ ਸਜ-ਵਿਆਹੀ ਜੋੜੀ ’ਤੇ ਪਾਣੀ ਵਾਰ ਕੇ ਪੀਂਦੀ ਹੈ ਤੇ ਲਾੜੇ ਦੀਆਂ ਭੈਣਾਂ ਚਾਵਾਂ ਵਿਚ ਮੱਤੀਆਂ ਨਵੀਂ ਵਹੁਟੀ ਦਾ ਸੁਆਗਤ ਹੇਅਰਿਆਂ ਦੇ ਰੂਪ ਵਿਚ ਕਰਦੀਆਂ ਹਨ:
ਉੱਤਰ ਭਾਬੋ ਡੋਲਿ਼ਓਂ
ਦੇਖ ਸਹੁਰੇ ਦਾ ਬਾਰ
ਕੰਧਾਂ ਚਿੱਤਮ ਚਿੱਤੀਆਂ
ਕਲੀ ਚਮਕਦਾ ਬਾਰ
ਡੱਬੀ ਨੀ ਭਾਬੋ ਮੇਰੀ ਕਨਚ ਦੀ
ਵਿਚ ਸੋਨੇ ਦੀ ਮੇਖ
ਮਾਦਪੁਰ ਖੇੜੇ ਢੁਕ ਕੇ
ਤੈਂ ਚੰਗੇ ਲਖਾਏ ਲੇਖ
ਡੱਬੀ ਵੀਰਾ ਮੇਰੀ ਕਨਚ ਦੀ
ਵਿਚ ਮਿਸ਼ਰੀ ਦੀ ਡਲੀ
ਵੀਰਜ ਫੁੱਲ ਗੁਲਾਬ ਦਾ
ਭਾਬੋ ਚੰਬੇ ਦੀ ਕਲੀ
ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਹੇਅਰੇ ਲਾਉਣ ਦੀ ਲੋਕ ਪਰੰਪਰਾ ਵੀ ਪੰਜਾਬ ਦੇ ਜਨ ਜੀਵਨ ਵਿਚੋਂ ਅਲੋਪ ਹੋ ਰਹੀ ਹੈ... ਵਿਆਹ ਮੰਗਣੇ ਮੈਰਿਜ ਪੈਲੇਸਾਂ ਵਿਚ ਹੋਣ ਕਰਕੇ ਇਸ ਨੂੰ ਬਹੁਤ ਵੱਡੀ ਢਾਅ ਲੱਗੀ ਹੈ। ਮੈਰਿਜ ਪੈਲੇਸਾਂ ਵਿਚ ਕੀਤੇ ਜਾਂਦੇ ਵਿਆਹਾਂ ਨੇ ਤਾਂ ਵਿਆਹ ਦੀਆਂ ਸਾਰੀਆਂ ਰਸਮਾਂ ਦਾ ਹੀ ਮਲੀਆਮੇਟ ਕਰਕੇ ਰੱਖ ਦਿੱਤਾ ਹੈ। ਹੇਅਰੇ ਪੰਜਾਬੀ ਲੋਕ ਸਾਹਿਤ ਦੇ ਅਣਵਿੱਧ ਮੋਤੀ ਹਨ।
.
ਮਹਿੰਦੀ ਸ਼ਗਨਾਂ ਦੀ/ 161