ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/181

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

106.
ਚਤਰਾਂ ਨੂੰ ਚਤੁਰਾਈਆਂ ਜੀਜਾ
ਗਿਆਨੀਆਂ ਨੂੰ ਵੇ ਗਿਆਨ
ਤੈਨੂੰ ਤੇਰੇ ਪੇਟ ਦੀ
ਤੇਰਾ ਥਾਲੀ ਵਲ ਵੇ ਧਿਆਨ

107.
ਤੇਰੇ ਮੂੰਹ 'ਤੇ ਨਿਕਲ਼ੀ ਸੀਤਲਾ
ਤੇਰੀ ਮਾਂ ਨੇ ਰੱਖੀ ਨਹੀਂ ਰੱਖ
ਤੇਰੇ ਨੈਣੀਂ ਚਿੱਟਾ ਪੈ ਗਿਆ
ਤੇਰੀ ਕਾਣੀ ਹੋ ਗਈ ਅੱਖ

108.
ਚੰਨਣ ਦੀ ਚੌਕੀ ਮੈਂ ਡਾਹੀ
ਜੀਜਾ ਆਣ ਖੜੋਤਾ ਤੂੰ
ਮੂੂੰਹ ਤੋਂ ਪੱਲਾ ਲਾਹ ਦੇ
ਦੇਖਣ ਜੋਗਾ ਵੇ ਜੀਜਾ ਮੇਰਾ ਮੂੰਹ

109.
ਤੜਕੇ ਦੀ ਜੀਜਾ ਉਡੀਕਦੀ
ਜੀਜਾ ਆਇਆ ਪਿਛਲੀ ਰਾਤ
ਕਿੱਥੇ ਕੁ ਭੇਡਾਂ ਚਾਰੀਆਂ
ਤੈਨੂੰ ਪੈ ਗਈ ਵੇ ਜੀਜਾ ਮੇਰਿਆ ਰਾਤ

110.
ਪੱਗ ਵੀ ਲਿਆਇਆ ਮੰਗ ਕੇ ਜੀਜਾ
ਕੁੜਤਾ ਲਿਆਇਆ ਵੇ ਚੁਰਾ
ਚਾਦਰਾ ਮੇਰਾ ਵੀਰ ਦਾ
ਮੈਂ ਤਾਂ ਏਥੇ ਈ ਲਵਾਂ ਵੇ ਲੁਹਾ

ਮਹਿੰਦੀ ਸ਼ਗਨਾਂ ਦੀ/185