ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਰ ਵੀ ਮਹੱਤਤਾ ਬਣ ਜਾਂਦੀ ਹੈ ਕਿਉਂਕਿ ਇਸ ਨੇ ਲੋਪ ਹੋ ਰਹੀਆਂ ਖੇਡਾਂ ਨੂੰ ਲਿੱਪੀਬੱਧ ਕਰਕੇ ਸਾਂਭ ਲਿਆ ਹੈ। ਲੋਕ ਖੇਡਾਂ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਸਹਿ-ਕਰਤਾ ਨੇ ਲੋਕ ਖੇਡਾਂ ਦੇ ਪ੍ਰਚਲਨ, ਉਨ੍ਹਾਂ ਦੀ ਲੋੜ ਅਤੇ ਮਹੱਤਤਾ ਬਾਰੇ ਭਰਪੂਰ ਜਾਣਕਾਰੀ ਵੀ ਦਿੱਤੀ ਹੈ।

ਇਸ ਦੀ ਪ੍ਰਵੇਸ਼ਿਕਾ ਜਰਨੈਲ ਸਿੰਘ ਰੰਗੀ ਅਤੇ ‘ਲੋਕ ਖੇਡਾਂ ਦਾ ਪ੍ਰਚਲਨ' ਆਤਮ ਹਮਰਾਹੀ ਵਲੋਂ ਲਿਖਿਆ ਗਿਆ ਹੈ। 104 ਪੰਨਿਆਂ ਦੀ ਇਸ ਪੁਸਤਕ ਵਿਚ 42 ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਵਿਚ ਕਬੱਡੀ, ਲੰਮੀ ਕਬੱਡੀ, ਸੌਂਚੀ ਪੱਕੀ, ਲੂਣ ਮਿਆਣੀ, ਲੂਣ ਤੇਲ ਲੱਲ੍ਹੇ, ਬਾਂਦਰ ਕਿੱਲਾ, ਰੱਬ ਦੀ ਖੁੱਤੀ, ਪਿੰਨੂ, ਗੁੱਲੀ ਡੰਡਾ, ਜੰਡ ਪਰਾਂਗਲ ਅਤੇ ਕੋਟਲਾ ਛਪਾਕੀ ਤੋਂ ਇਲਾਵਾ ਹੋਰ ਕਈ ਖੇਡਾਂ ਬਾਰੇ ਵੇਰਵੇ ਦਿੱਤੇ ਗਏ ਹਨ।

ਸੁਖਦੇਵ ਮਾਦਪੁਰੀ ਨੇ 1979 ਵਿਚ 'ਫੁੱਲਾਂ ਭਰੀ ਚੰਗੇਰ’ ਪੁਸਤਕ ਪ੍ਰਕਾਸ਼ਿਤ ਕਰਵਾਈ। ਇਸ ਪੁਸਤਕ ਵਿਚ ਕਿੱਕਲੀ ਦੇ ਗੀਤ, ਸਾਂਝੀ ਦੇ ਗੀਤ, ਲੋਹੜੀ ਦੇ ਗੀਤ, ਸਕਲੀ ਪਾੜ੍ਹਿਆਂ ਦੇ ਗੀਤ, ਡੋਈ ਤੇ ਥਾਲ, ਕਾਵਿ ਖੇਡਾਂ, ਬੁੱਝਣ ਵਾਲੀਆਂ ਬੁਝਾਰਤਾਂ ਅਤੇ ਬਣਨ ਵਾਲੀਆਂ ਬਾਤਾਂ ਵਰਗੇ ਲੋਕ-ਸਾਹਿਤ ਦੇ ਨਮੂਨੇ ਦਿੱਤੇ ਗਏ ਹਨ ਜਿਨ੍ਹਾਂ ਦਾ ਸਬੰਧ ਛੋਟੇ ਬੱਚਿਆਂ ਨਾਲ ਹੈ। ਇਹੋ ਕਾਰਨ ਹੈ ਕਿ ਪਹਿਲੀ ਵਾਰ ਕਿਸੇ ਇਕੱਤਰ-ਕਰਤਾ ਨੇ ਸਕੂਲੀ ਪਾੜ੍ਹਿਆਂ ਦੇ ਉਨ੍ਹਾਂ ਗੀਤਾਂ ਨੂੰ ਇਕੱਤਰ ਕਰਨ ਦਾ ਯਤਨ ਕੀਤਾ ਹੈ ਜਿਹੜੇ ਬੱਚੇ ਸਕੂਲ ਸਮੇਂ ਆਮ ਤੌਰ ਤੇ ਗਾਉਂਦੇ ਹਨ। ਇਸ ਪੁਸਤਕ ਵਿਚ ਬਚਿਆਂ ਲਈ ਕੁਝ ਬੁਝਾਰਤਾਂ ਅਤੇ ਬਾਤਾਂ ਵੀ ਦਿੱਤੀਆਂ ਗਈਆਂ ਹਨ ਜਿਹੜੀਆਂ ਪੰਜਾਬੀ ਲੋਕਾਂ ਵਿਚ ਆਮ ਪ੍ਰਚਲਿਤ ਹਨ।

2003 ਵਿਚ ਹੀ ਸੁਖਦੇਵ ਮਾਦਪੁਰੀ ਨੇ ‘ਖੰਡ ਮਿਸ਼ਰੀ ਦੀਆਂ ਡਲੀਆਂ' ਗਿੱਧੇ ਦੀਆਂ ਬੋਲੀਆਂ ਨਾਲ ਸਬੰਧ ਰੱਖਦੀ ਪੁਸਤਕ ਪ੍ਰਕਾਸ਼ਿਤ ਕੀਤੀ, ਜਿਸ ਵਿਚ ਉਸ ਨੇ ਇਸ ਸੰਗ੍ਰਹਿ ਨੂੰ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਮੀਆਂ ਬੋਲੀਆਂ ਅਤੇ ਦੂਜੇ ਭਾਗ ਵਿਚ ਇਕ-ਲੜੀਆਂ ਬੋਲੀਆਂ ਸ਼ਾਮਲ ਕੀਤੀਆਂ ਦੀਆਂ ਹਨ ਅਤੇ ਇਨ੍ਹਾਂ ਬੋਲੀਆਂ ਨੂੰ ਉਸ ਨੇ ਵਿਸ਼ੇ ਅਨੁਸਾਰ ਤਰਤੀਬ ਵੀ ਦੇ ਦਿੱਤੀ ਹੈ।

2003 ਵਿਚ ਹੀ ‘ਬਾਤਾਂ ਦੇਸ਼ ਪੰਜਾਬ ਦੀਆਂ' ਪੁਸਤਕ ਆਈ ਜਿਸ ਨੂੰ ਉਸ ਨੇ ਪੰਜਾਹ ਤੋਂ ਉਪਰ ਲੋਕ ਕਹਾਣੀਆਂ ਨੂੰ ਇਕੱਤਰ ਕਰਕੇ ਪ੍ਰਕਾਸ਼ਿਤ ਕਰਵਾਇਆ ਅਤੇ ਇਨ੍ਹਾਂ ਲੋਕ ਕਹਾਣੀਆਂ ਦੀ ਖੂਬਸੂਰਤੀ ਇਸ ਗੱਲ ਵਿਚ ਹੈ ਕਿ ਨੇ ਇਨ੍ਹਾਂ ਕਹਾਣੀਆਂ ਨੂੰ ਲੋਕ ਬੋਲੀ ਵਿਚ ਹੀ ਪੇਸ਼ ਕੀਤਾ ਹੈ, ਭਾਵੇਂ ਕਿ ਇਨ੍ਹਾਂ ਚ ਬਹੁਤ ਸਾਰੀਆਂ ਕਹਾਣੀਆਂ ਪਹਿਲਾਂ ਵੀ ਇਕੱਤਰ ਕੀਤੀਆਂ ਜਾ ਚੁੱਕੀਆਂ ਹਨ , ਫਿਰ ਵੀ ਇਹ ਕਾਰਜ ਆਪਣੀ ਭਾਸ਼ਾ ਤੇ ਸ਼ੈਲੀ ਕਰਕੇ ਇਤਿਹਾਸਕ ਮਹੱਤਵ

ਮਹਿੰਦੀ ਸ਼ਗਨਾਂ ਦੀ/ 17