ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲ਼ਾ ਬਣਦਾ ਹੈ।

2004 ਵਿਚ ਸੁਖਦੇਵ ਮਾਦਪੁਰੀ ਨੇ 'ਮਹਿਕ ਪੰਜਾਬ ਦੀ' (ਜੱਟਾਂ ਦੀ ਲੋਕਧਾਰਾ ਅਤੇ ਸੱਭਿਆਚਾਰ) ਪ੍ਰਕਾਸ਼ਿਤ ਕਰਵਾਈ, ਜਿਸ ਦਾ ਮੁਖ ਬੰਧ, ਕ੍ਰਿਪਾਲ ਸਿੰਘ ਔਲਖ, ਉਪਕੁਲਪਤੀ, ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਲਿਖਿਆ ਹੈ ਅਤੇ ਦੋ ਸ਼ਬਦ ਉਨ੍ਹਾਂ ਨੇ ਆਪ ਲਿਖੇ ਹਨ, ਜਿਸ ਵਿਚ ਉਨ੍ਹਾਂ ਨੇ ਪੰਜਾਬ ਦੇ ਜੱਟਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਹੈ, ਜਿਸ ਵਿਚ ਉਨ੍ਹਾਂ ਦੀ ਸਰੀਰਕ ਬਣਤਰ ਅਤੇ ਸਭਿਆਚਾਰਕ ਗੁਣਾਂ ਔਗੁਣਾਂ ਨੂੰ ਦੱਸਿਆ ਹੈ। ਉਨ੍ਹਾਂ ਨੇ ਪੁਰਾਣੇ ਪੇਂਡੂ ਭਾਈਚਾਰੇ ਬਾਰੇ ਵੀ ਗੱਲ ਕੀਤੀ ਹੈ ਜਿਸ ਵਿਚ ਸਾਰੇ ਲੋਕਾਂ ਦੀ ਬੜੀ ਸਾਂਝ ਹੁੰਦੀ ਸੀ। ਖੇਤੀ ਪੱਕਣ ਅਤੇ ਸਾਂਭਣ ਵਿਚ ਹਰ ਜਾਤੀ ਦੀ ਆਪਣੀ ਆਪਣੀ ਮਹੱਤਵਪੂਰਨ ਭੂਮਿਕਾ ਹੁੰਦੀ ਸੀ। ਪੱਕੀ ਖੇਤੀ ਵਿਚ ਹਰ ਇਕ ਦਾ ਵਿੱਤ ਅਨੁਸਾਰ ਆਪਣਾ ਆਪਣਾ ਹਿੱਸਾ ਹੁੰਦਾ ਸੀ ਅਤੇ ਪਿੰਡ ਦਾ ਹਰ ਜੀ ਬੜੇ ਉਤਸ਼ਾਹ ਨਾਲ ਸਰਗਰਮ ਹੋ ਜਾਂਦਾ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਕਿਵੇਂ ਪੰਜਾਬ ਦੇ ਮੇਲੇ, ਤਿਉਹਾਰ, ਖੇਡਾਂ ਅਤੇ ਨਾਚ ਸਾਰਿਆਂ ਦੇ ਸਾਂਝੇ ਸਨ, ਸਾਰੀਆਂ ਰਸਮਾਂ ਤੇ ਰਿਵਾਜ ਇਕੋ ਜਿਹੇ ਸਨ।

ਉਨ੍ਹਾਂ ਅਨੁਸਾਰ ਪੰਜਾਬ ਦਾ ਲੋਕ ਸਾਹਿਤ ਮੁੱਖ ਰੂਪ ਵਿਚ ਪੰਜਾਬ ਦੀ ਕਿਰਸਾਨੀ ਨਾਲ਼ ਸਬੰਧਿਤ ਹੀ ਹੈ, ਜਿਸ ਵਿਚ ਪੰਜਾਬੀ ਕਿਸਾਨੀ ਦੇ ਵਿਕਾਸ ਦੀ ਵਿਥਿਆ ਵੀ ਹੈ ਜੋ ਸਾਡੀ ਵਿਸਰ ਰਹੀ ਵਿਰਾਸਤ ਦਾ ਅਨਮੋਲ਼ ਖ਼ਜ਼ਾਨਾ ਹੈ।

ਲੋਕਧਾਰਾ ਅਤੇ ਸੱਭਿਆਚਾਰ ਦੀ ਇਸ ਪੁਸਤਕ ਵਿਚ ਜਿੱਥੇ ਜੱਟਾਂ ਦੇ ਕਿਰਦਾਰ ਅਤੇ ਸੁਭਾਅ ਬਾਰੇ ਵੱਖ-ਵੱਖ ਸਾਹਿਤ ਰੂਪਾਂ ਵਿਚੋਂ ਉਘੜਦੇ ਗੁਣ ਔਗੁਣ ਦਿੱਤੇ ਗਏ ਹਨ ਉਥੇ ਵਾਹੀ ਖੇਤੀ ਨਾਲ ਸਬੰਧਿਤ ਅਖਾਣ, ਬੁਝਾਰਤਾਂ, ਲੋਕਗੀਤ, ਲੋਕ-ਕਹਾਣੀਆਂ ਵੀ ਦਿੱਤੀਆਂ ਹਨ। ਇਨ੍ਹਾਂ ਵੰਨਗੀਆਂ ਵਿਚ ਕੁਝ ਆਮ ਪ੍ਰਚਲਿਤ ਅਤੇ ਕੁਝ ਨਵੀਂ ਸਮੱਗਰੀ ਵੀ ਇਕੱਤਰ ਕੀਤੀ ਗਈ ਹੈ। ਲੋਕਧਾਰਾ ਦੀ ਇਸ ਸਮੱਗਰੀ ਵਿਚੋਂ ਜੱਟਾਂ ਦਾ ਜੀਵਨ ਵਿਹਾਰ ਅਤੇ ਸੁਭਾਅ ਉਘੜਦਾ ਹੈ।

ਇਸ ਵਿਚ ਬਦਲ ਰਹੇ ਪੇਂਡੂ ਜੀਵਨ ਬਾਰੇ ਮਿਲਦੀ ਸਮੱਗਰੀ ਵੀ ਦਿੱਤੀ ਹੈ, ਇਸ ਵਿਚ ਵਿਸਰ ਰਹੀਆਂ ਪੇਂਡੂ ਖੇਡਾਂ, ਲੋਕ ਨਾਚ, ਮੇਲੇ ਅਤੇ ਰਸਮਾਂ ਰਿਵਾਜਾਂ ਦੇ ਨਾਲ਼ ਲੋਕਾਂ ਦੇ ਅਲੋਪ ਹੋ ਰਹੇ ਸ਼ੌਕ ਤੇ ਕਿੱਤਿਆਂ ਦਾ ਵੀ ਜ਼ਿਕਰ ਹੈ।

ਇਸ ਪੁਸਤਕ ਵਿਚ, ਪੰਜਾਬ ਦੀਆਂ ਉਹ ਦਸ ਦੰਦ-ਕਥਾਵਾਂ ਵੀ ਦਿੱਤੀਆਂ ਹਨ, ਜਿਹੜੀਆਂ ਪ੍ਰੀਤ ਕਹਾਣੀਆਂ ਅਤੇ ਜਿਨ੍ਹਾਂ ਦੇ ਨਾਇਕਾਂ ਨਾਇਕਾਵਾਂ ਨੂੰ ਅਜੇ ਤਕ ਵੀ ਲੋਕ ਯਾਦ ਕਰਦੇ ਹਨ।

ਇਸ ਪੁਸਤਕ ਰਾਹੀਂ ਸੁਖਦੇਵ ਮਾਦਪੁਰੀ ਨੇ ਲੋਕਧਾਰਾ ਦੀਆਂ ਵੱਖ-ਵੱਖ ਵੰਨਗੀਆਂ ਨਾਲ਼ ਸਬੰਧਿਤ ਕਾਫ਼ੀ ਸਮੱਗਰੀ ਨੂੰ ਸਾਂਭਣ ਦਾ ਚੰਗਾ ਉਪਰਾਲਾ

ਮਹਿੰਦੀ ਸ਼ਗਨਾਂ ਦੀ /18