ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/226

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿੜ ਹੈ ਜਿੱਥੇ ਉਹ ਨਿਸੰਗ ਹੋ ਕੇ ਆਪਣੇ ਦਿਲਾਂ ਦੇ ਅਰਮਾਨ ਪੂਰੇ ਕਰਦੀਆਂ ਹਨ। ਬਿਨਾਂ ਕਿਸੇ ਡਰ ਅਤੇ ਝਿਜਕ ਤੋਂ ਨੱਚਦੀਆਂ ਹੋਈਆਂ ਮੁਟਿਆਰਾਂ ਆਪਣੀਆਂ ਅਤ੍ਰਿਪਤ ਕਾਮਨਾਵਾਂ ਦਾ ਪ੍ਰਗਟਾਵਾ ਗਿੱਧੇ ਦੀਆਂ ਬੋਲੀਆਂ ਪਾ ਕੇ ਕਰਦੀਆਂ ਹਨ। ਉਹ ਨੱਚਦੀਆਂ ਹੋਈਆਂ ਧੂੜਾਂ ਪੱਟ ਦੇਂਦੀਆਂ ਹਨ। ਉਹ ਕਿਧਰੇ ਬੱਕਰੇ ਬੁਲਾਉਂਦੀਆਂ ਹਨ, ਤਰ੍ਹਾਂ ਤਰ੍ਹਾਂ ਦੇ ਸਵਾਂਗ ਰਚਦੀਆਂ ਹਨ...
ਗਿੱਧੇ ਦੀਆਂ ਬੋਲੀਆਂ ਪੰਜਾਬੀ ਲੋਕ-ਕਾਵਿ ਦਾ ਪ੍ਰਮੁੱਖ ਅੰਗ ਹਨ ਜੋ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਾਪਤ ਹਨ। ਇਹ ਦੋ ਪ੍ਰਕਾਰ ਦੀਆਂ ਹਨ- ਲੰਬੀਆਂ ਬੋਲੀਆਂ ਅਤੇ ਇਕ ਲੜੀਆਂ ਬੋਲੀਆਂ- ਇਕ ਲੜੀਆਂ ਬੋਲੀਆਂ ਨੂੰ ਟੱਪੇ ਵੀ ਆਖਦੇ ਹਨ। ਇਹ ਪੰਜਾਬੀ ਸਭਿਆਚਾਰ ਅਤੇ ਜਨ-ਜੀਵਨ ਦਾ ਦਰਪਨ ਹਨ ਜਿਸ ਵਿਚੋਂ ਪੰਜਾਬ ਦੀ ਨੱਚਦੀ ਗਾਉਂਦੀ ਤੇ ਜੂਝਦੀ ਸੰਸਕ੍ਰਿਤੀ ਦੇ ਦਰਸ਼ਨ ਸੁਤੇ ਸਿਧ ਹੀ ਕੀਤੇ ਜਾ ਸਕਦੇ ਹਨ। ਪੰਜਾਬ ਦੀ ਆਰਥਿਕ, ਸਮਾਜਿਕ ਤੇ ਰਾਜਨੀਤਕ ਜ਼ਿੰਦਗੀ ਦਾ ਇਤਿਹਾਸ ਇਨਾਂ ਵਿਚ ਸਮੋਇਆ ਹੋਇਆ ਹੈ। ਸ਼ਾਇਦ ਹੀ ਜ਼ਿੰਦਗੀ ਦਾ ਕੋਈ ਅਜਿਹਾ ਵਿਸ਼ਾ ਜਾ ਪੱਖ ਹੋਵੇ ਜਿਸ ਬਾਰੇ ਬੋਲੀਆਂ ਨਾ ਮਿਲਦੀਆਂ ਹੋਣ। ਜੀਵਨ ਦੇ ਤੱਤਾਂ ਨਾਲ ਓਤ ਪੱਤ ਹਨ ਇਹ ਬੋਲੀਆਂ। ਇਨ੍ਹਾਂ ਵਿਚ ਪੰਜਾਬੀਆਂ ਦੇ ਅਰਮਾਨਾਂ, ਖ਼ੁਸ਼ੀਆਂ, ਗਮੀਆ, ਭਾਵਨਾਵਾਂ ਅਤੇ ਜਜ਼ਬਿਆਂ ਦੀਆਂ ਕੁਲਾਂ ਵਹਿ ਰਹੀਆਂ ਹਨ। ਇਹ ਸਦੀਆਂ ਦਾ ਪੈਂਡਾ ਝਾਗ ਕੇ ਪੀੜ੍ਹੀਓ ਪੀੜ੍ਹੀ ਸਾਡੇ ਤੀਕ ਪੁੱਜੀਆਂ ਹਨ।
ਵਿਆਹ ਦੇ ਸਮਾਗਮ ਵਿਚ ਗਿੱਧੇ ਦੀ ਅਹਿਮ ਭੂਮਿਕਾ ਹੈ। ਜਦੋਂ ਗਿੱਧੇ ਦਾ ਪਿੜ ਮੱਘਦਾ ਹੈ ਤਾਂ ਪਿੰਡ ਦੀ ਕੋਈ ਮੁਟਿਆਰ ਵਿਆਹ ਵਿਚ ਆਈਆਂ ਮੇਲਣਾਂ ਨੂੰ ਗਿੱਧੇ ਵਿਚ ਨੱਚਣ ਦਾ ਸੱਦਾ ਦੇਂਦੀ ਹੈ:

ਨਾ ਮੈਂ ਮੇਲਣੇ ਪੜ੍ਹੀ ਗੁਰਮੁਖੀ
ਨਾ ਬੈਠੀ ਸਾਂ ਡੇਰੇ
ਨਿੱਤ ਨਮੀਆਂ ਮੈਂ ਜੋੜਾਂ ਬੋਲੀਆਂ
ਬਹਿ ਕੇ ਮੋਟੇ ਨ੍ਹੇਰੋ
ਬੋਲ ਅਗੰਮੀ ਨਿਕਲਣ ਅੰਦਰੋਂ
ਵਸ ਨਹੀਂ ਕੁਝ ਮੇਰੇ
ਮੇਲਣੇ ਨੱਚ ਲੈ ਨੀ-
ਦੇ ਦੇ ਸ਼ੌਕ ਦੇ ਗੇੜੇ

ਕੋਈ ਜਣੀ ਗਹਿਣੇ ਗੱਟਿਆਂ ਨਾਲ ਸਜੀ ਮੁਟਿਆਰ ਨੂੰ ਬਾਹੋਂ ਫੜ ਕੇ
ਗਿੱਧੇ ਦੇ ਪਿੜ ਵਿਚ ਧੂ ਲਿਆਉਂਦੀ ਹੈ

ਮਹਿੰਦੀ ਸ਼ਗਨਾਂ ਦੀ/230