ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/227

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸਾਵੀ ਸੁੱਥਣ ਵਾਲੀਏ ਮੇਲਣੇ
ਆਈ ਏਂ ਗਿੱਧੇ ਵਿਚ ਬਣ ਠਣ ਕੇ
ਕੰਨੀਂ ਤੇਰੇ ਹਰੀਆਂ ਬੋਤਲਾਂ
ਗਲ਼ ਵਿਚ ਮੂੰਗੇ ਮਣਕੇ
ਤੀਲੀ ਤੇਰੀ ਨੇ ਮੁਲਖ ਮੋਹ ਲਿਆ
ਬਾਹੀਂ ਚੂੜਾ ਛਣਕੇ
ਫੇਰ ਕੱਦ ਨੱਚੇਗੀ-
ਨੱਚ ਲੈ ਪਟੋਲਾ ਬਣ ਕੇ

ਤੇ ਇੰਜ ਗਿੱਧੇ ਦਾ ਪਿੜ ਮਘ ਪੈਂਦਾ ਹੈ ਤੇ ਬੋਲੀਆਂ ਦੀ ਛਹਿਬਰ ਲਗ ਜਾਂਦੀ ਹੈ।

ਮੁੱਢ ਕਦੀਮ ਤੋਂ ਹੀ ਪੰਜਾਬ ਪ੍ਰਾਂਤ ਖੇਤੀ ਪ੍ਰਧਾਨ ਰਿਹਾ ਹੈ ਜਿਸ ਸਦਕਾ ਪੰਜਾਬੀ ਲੋਕ ਸਾਹਿਤ ਵਿਚ ਕਿਸਾਨੀ ਸੰਸਕ੍ਰਿਤੀ ਅਤੇ ਸਭਿਆਚਾਰ ਦੇ ਅਵਸ਼ੇਸ਼ ਵਿਦਮਾਨ ਹਨ। ਪੰਜਾਬ ਦੀ ਧਰਤੀ ’ਤੇ ਲਹਿਲਹਾਂਦੀਆਂ ਫ਼ਸਲਾਂ, ਮਹਿਕਾਂ ਵੰਡਦੇ ਰੁੱਖਾਂ ਤੇ ਫੁੱਲ-ਬੂਟਿਆਂ ਨੇ ਪੰਜਾਬੀ ਲੋਕ ਮਨ ਨੂੰ ਟੁੰਬਿਆ ਹੈ ਇਸ ਕਰਕੇ ਉਸ ਨੇ ਇਨ੍ਹਾਂ ਬਾਰੇ ਸੁਹਜ ਭਰਪੂਰ ਬੋਲੀਆਂ ਦੀ ਸਿਰਜਣਾ ਕੀਤੀ ਹੈ। ਕਣਕ, ਮੱਕੀ, ਕਪਾਹ, ਛੋਲੇ, ਸਰੋਂ, ਬਾਜਰਾ, ਚਰ੍ਹੀ, ਅਲਸੀ, ਮੂੰਗੀ, ਜੌਂਂ, ਕਰੇਲੇ, ਕੱਦੂ, ਮੂੰਗਰੇ ਤੇ ਖਰਬੂਜ਼ਿਆਂ ਬਾਰੇ ਅਨੇਕਾਂ ਬੋਲੀਆਂ ਪ੍ਰਾਪਤ ਹਨ:

ਬੱਗੀ ਬੱਗੀ ਕਣਕ ਦੇ
ਮੰਡੇ ਪਕਾਉਨੀ ਆਂ
ਛਾਵੇਂ ਬਹਿ ਕੇ ਖਾਵਾਂਗੇ
ਚਿੱਤ ਕਰੂ ਮੁਕਲਾਵੇ ਜਾਵਾਂਗੇ
-
ਅਸੀਂ ਯਾਰ ਦੀ ਤਰੀਕੇ ਜਾਣਾ
ਕਣਕ ਦੇ ਲਾਹ ਕੇ ਫੁਲਕੇ
-
ਪੱਲਾ ਕੀਤਾ ਲੱਡੂਆਂ ਨੂੰ
ਪੱਟੂ ਸੁੱਟ ਗਿਆ ਮੱਕੀ ਦੇ ਦਾਣੇ
-
ਛੜੇ ਪੈਣਗੇ ਮੱਕੀ ਦੀ ਰਾਖੀ
ਰੰਨਾਂ ਵਾਲੇ਼ ਘਰ ਪੈਣਗੇ
-

ਮਹਿੰਦੀ ਸ਼ਗਨਾਂ ਦੀ/231