ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/234

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮਿੱਤਰਾਂ ਦੇ ਤਿੱਤਰਾਂ ਨੂੰ
ਮੈਂ ਹੱਥ ’ਤੇ ਚੋਗ ਚੁਗਾਵਾਂ
-
ਜਦੋਂ ਬਿਸ਼ਨੀ ਬਾਗ਼ ਵਿਚ ਆਈ
ਭੌਰਾਂ ਨੂੰ ਭੁਲੇਖਾ ਪੈ ਗਿਆ
-
ਮੁੰਡਾ ਅਨਦਾਹੜੀਆ ਸੁੱਕਾ ਨਾ ਜਾਵੇ
ਲੜ ਜਾ ਭਰਿੰਡ ਬਣ ਕੇ

ਪੰਜਾਬੀਆਂ ਦਾ ਸਾਕਾਦਾਰੀ ਪ੍ਰਬੰਧ ਬਹੁਤ ਮਜ਼ਬੂਤ ਹੈ। ਰਿਸ਼ਤੇ- ਨਾਤੇ, ਸਾਕ ਸਕੀਰੀਆਂ ਭਾਈਚਾਰੇ ਵਿਚ ਮੋਹ ਮੁਹੱਬਤਾਂ ਦਾ ਸੰਚਾਰ ਹੀ ਨਹੀਂ ਕਰਦੀਆਂ ਬਲਕਿ ਸਮਾਜਿਕ ਢਾਂਚੇ ਨੂੰ ਸੰਯੋਗ ਕੜੀ ਵਿਚ ਵੀ ਪਰੋਂਦੀਆਂ ਹਨ। ਦਾਦਕੇ-ਸਹੁਰੇ ਪਰਿਵਾਰ ਨਾਲ਼ ਜੁੜੇ ਸਾਕਾਂ ਬਾਰੇ ਭਿੰਨ-ਭਿੰਨ ਬੋਲੀਆਂ ਪਾਈਆਂ ਜਾਂਦੀਆਂ ਹਨ:

ਤਖ਼ਤ ਹਜ਼ਾਰਿਓਂਂ-ਵੰਗਾਂ ਆਈਆਂ
ਬੜੇ ਸ਼ੌਕ ਨਾਲ਼ ਪਾਵਾਂ
ਮਾਪਿਆਂ ਦਾ ਦੇਸ ਛੱਡ ਕੇ
ਮੈਂ ਕਿਵੇਂ ਮੁਕਲਾਵੇ ਜਾਵਾਂ
-
ਮਾਏਂ ਨੀ ਮਾਏਂ ਮੈਨੂੰ ਜੁੱਤੀ ਸਮਾਦੇ
ਹੇਠ ਲੁਆ ਦੇ ਖੁਰੀਆਂ
ਨੀ ਆਹ ਦਿਨ ਖੇਡਣ ਦੇ
ਸੱਸਾਂ ਨਨਾਣਾਂ ਬੁਰੀਆਂ
-
ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ
ਉਹ ਵਰ ਟੋਲ੍ਹੀਂ ਬਾਬਲਾ
-
ਤੇਰੀ ਕੱਸੀ ਤੇ ਜ਼ਮੀਨ ਬਥੇਰੀ
ਪਾ ਦੇ ਬਾਪੂ ਨੱਥ ਮੱਛਲੀ ।
-

ਮਹਿੰਦੀ ਸ਼ਗਨਾਂ ਦੀ/ 238