ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਹਾਗ

ਵਿਆਹ ਦਾ ਅਵਸਰ ਪੰਜਾਬੀਆਂ ਲਈ ਅਦੁੱਤੀ ਮਹੱਤਤਾ ਰੱਖਦਾ ਹੈ। ਇਹ ਉਨ੍ਹਾਂ ਦੀ ਜ਼ਿੰਦਗੀ ਵਿਚ ਕਈ ਪ੍ਰਕਾਰ ਦੀਆਂ ਮਾਨਸਿਕ ਰਾਹਤਾਂ ਅਤੇ ਰੰਗੀਨੀਆਂ ਲੈ ਕੇ ਆਉਂਦਾ ਹੈ। ਇਸ ਲਈ ਸਮੂਹ ਪੰਜਾਬੀ ਵਿਆਹ ਦੇ ਅਵਸਰ ਨੂੰ ਬੜੀ ਤੀਬਰਤਾ ਨਾਲ਼ ਉਡੀਕਦੇ ਹਨ। ਵਿਆਹ ਕਿਸੇ ਦੇ ਘਰ ਹੁੰਦਾ ਹੈ ਚਾਅ ਸਾਰੇ ਸ਼ਰੀਕੇ ਨੂੰ ਚੜ੍ਹ ਜਾਂਦਾ ਹੈ। ਹਰ ਪਾਸੇ ਖ਼ੁਸ਼ੀਆਂ ਦਾ ਮਾਹੌਲ ਸਿਰਜਿਆ ਜਾਂਦਾ ਹੈ। ਵਿਆਹ ਦੀਆਂ ਵੱਖ-ਵੱਖ ਰੀਤਾਂ ਸਮੇਂ ਗਾਏ ਜਾਂਦੇ ਲੋਕ ਗੀਤ ਸੁਹਾਗ, ਘੋੜੀਆਂ, ਸਿਠਣੀਆਂ, ਹੇਅਰੇ ਅਤੇ ਛੰਦ ਪਰਾਗੇ ਆਦਿ ਗੀਤ ਰੂਪ ਵਿਆਹ ਸਮਾਗਮਾਂ ਵਿਚ ਖ਼ੁਸ਼ੀਆਂ ਖੇੜਿਆਂ ਅਤੇ ਮੌਜ ਮਸਤੀ ਦਾ ਸੰਚਾਰ ਕਰਦੇ ਹਨ।

ਸੁਹਾਗ ਅਤੇ ਘੋੜੀਆਂ ਵਿਆਹ ਦੇ ਪ੍ਰਮੁੱਖ ਲੋਕ-ਗੀਤ ਹਨ। ਧੀ ਵਾਲ਼ੇ ਘਰ ਸੁਹਾਗ ਗਾਏ ਜਾਂਦੇ ਹਨ ਅਤੇ ਮੁੰਡੇ ਵਾਲ਼ੇ ਘਰ ਘੋੜੀਆਂ ਗਾਉਣ ਦੀ ਪਰੰਪਰਾ ਹੈ। ਵਿਆਹ ਵਾਲ਼ੇ ਦਿਨ ਤੋਂ ਇਕ ਮਹੀਨਾ ਪਹਿਲਾਂ ਮੁੰਡੇ ਕੁੜੀ ਦੇ ਘਰਾਂ ਵਿਚ ਗਾਉਣ ਸ਼ੁਰੂ ਹੋ ਜਾਂਦਾ ਹੈ ਜਿਸ ਨੂੰ ਗਾਉਣ ਬਠਾਉਣਾ ਆਖਦੇ ਹਨ। ਰਾਤ ਸਮੇਂ ਰੋਟੀ ਟੁਕ ਨਬੇੜਨ ਮਗਰੋਂ ਗਲ਼ੀ ਗੁਆਂਢ ਅਤੇ ਸ਼ਰੀਕੇ ਦੀਆਂ ਕੁੜੀਆਂ ਤੇ ਤੀਵੀਆਂ ਵਿਆਹ ਵਾਲ਼ੇ ਘਰ ਆ ਕੇ ਘੋੜੀਆਂ ਤੇ ਸੁਹਾਗ ਗਾ ਕੇ ਕੋਈ ਸਮਾਂ ਬੰਨ੍ਹ ਦੇਂਦੀਆਂ ਹਨ। ਆਮ ਕਰਕੇ ਜਨਾਨੀਆਂ ਇਹ ਗੀਤ ਜੋਟੇ ਬਣਾ ਕੇ ਲੰਬੀ ਹੇਕ ਨਾਲ਼ ਗਾਉਂਦੀਆਂ ਹਨ। ਕਈ ਵਾਰ ਸਮੂਹਿਕ ਰੂਪ ਵਿਚ ਗਾ ਲੈਂਦੀਆਂ ਹਨ। ਇਨ੍ਹਾਂ ਤੋਂ ਬਿਨਾਂ ਹੋਰ ਗੀਤ ਵੀ ਵੱਖ-ਵੱਖ ਰੀਤਾਂ ਸਮੇਂ ਗਾਏ ਜਾਂਦੇ ਹਨ ਜਿਨ੍ਹਾਂ ਨੂੰ ਸ਼ਗਨਾਂ ਦੇ ਗੀਤ ਆਖਦੇ ਹਨ।

ਸੁਹਾਗ ਔਰਤਾਂ ਦੇ ਮਨੋਭਾਵਾਂ ਦੀ ਤਰਜਮਾਨੀ ਕਰਨ ਵਾਲ਼ੇ ਗੀਤ ਹਨ। ਮੂਲ ਰੂਪ ਵਿਚ ਪੰਜਾਬੀ ਸਭਿਆਚਾਰ ਕਿਸਾਨੀ ਸਭਿਆਚਾਰ ਹੈ। ਮਰਦ ਦੀ ਸਰਦਾਰੀ ਕਾਰਨ ਔਰਤ ਸਦੀਆਂ ਤੋਂ ਦਬੀ ਰਹੀ ਹੈ- ਪੇਕੇ ਘਰ ਵਿਚ ਉਸ ਨੂੰ ਕਈ ਇਕ ਪਰਿਵਾਰਕ ਅਤੇ ਸਮਾਜਿਕ ਬੰਦਸ਼ਾਂ ਵਿਚ ਰਹਿਣਾ ਪੈਂਦਾ ਹੈ ਉਹ ਆਪਣੇ ਮਨ ਦੀ ਗੱਲ ਖੋਹਲ ਕੇ ਨਾ ਆਪਣੇ ਬਾਬਲ ਨਾਲ਼ ਕਰ ਸਕਦੀ ਹੈ ਨਾ ਪਰਿਵਾਰ ਦੇ ਹੋਰ ਜੀਆਂ ਨਾਲ਼। ਸਹੁਰੇ ਘਰ ਵਿਚ ਵੀ ਉਸ ਨੂੰ ਸੈਆਂ ਸਮਾਜੀ ਬੰਦਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਆਹ ਦੇ ਅਵਸਰ 'ਤੇ ਗਾਏ ਜਾਂਦੇ ਸੁਹਾਗ ਗੀਤ ਉਸ ਨੂੰ ਆਪਣੇ ਦਿਲ ਦੀ ਦਾਸਤਾਨ ਬਿਆਨ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ।

ਮਹਿੰਦੀ ਸ਼ਗਨਾਂ ਦੀ/ 23