ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/256

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੰਦ ਪਰਾਗੇ

ਵਿਆਹ ਦੇ ਰੀਤੀ ਮੂਲਕ ਗੀਤ ਰੂਪਾਂ ਵਿਚ ‘ਛੰਦ ਪਰਾਗੇ ਦਾ ਵਿਲੱਖਣ ਸਥਾਨ ਹੈ! ‘ਛੰਦ ਪਰਾਗੇ ਗੀਤ ਰੂਪ ਵਿਚ ਸਾਲੀਆਂ ਲਾੜੇ ਪਾਸੋਂ ਛੰਦ ਸੁਣਦੀਆ ਹਨ! ਇਹ ਰੀਤ ਪੁਰਾਣੇ ਸਮੇਂ ਤੋਂ ਹੀ ਚੱਲੀ ਆ ਰਹੀ ਹੈ!
ਲਾਵਾਂ ਜਾਂ ਆਨੰਦ ਕਾਰਜ ਦੀ ਰਸਮ ਮਗਰੋਂ ਲਾੜੇ ਨੂੰ ਲਾੜੀ ਵਾਲਿਆਂ ਦੇ ਘਰ ਸੱਦਿਆ ਜਾਂਦਾ ਹੈ ਜਿੱਥੇ ਉਸ ਨੂੰ ਉਸ ਦੀ ਸੱਸ ਅਤੇ ਹੋਰ ਸਹੁਰੇ ਪਰਿਵਾਰ ਦੀਆਂ ਜਨਾਨੀਆਂ ਕਈ ਇਕ ਸ਼ਗਨ ਕਰਦੀਆਂ ਹਨ! ਇਨ੍ਹਾਂ ਸ਼ਗਨਾਂ ਤੋਂ ਪਹਿਲਾਂ ਲਾੜੇ ਦੀਆਂ ਮਸਤੀਆਂ ਹੋਈਆਂ ਸਾਲੀਆਂ ਉਸ ਦੇ ਆ ਦੁਆਲੇ ਹੁੰਦੀਆਂ ਹਨ ਤੇ ਉਸ ਨਾਲ ਛੇੜ ਛਾੜ ਕਰਦੀਆਂ ਹਨ, ਕੋਈ ਚੰਢੀ ਵੱਢਦੀ ਹੈ, ਕੋਈ ਉਹਦੀ ਵੱਖੀ ਵਿਚ ਸੂਈ ਖਭੋ ਦੇਂਦੀ ਹੈ ਤੇ ਕੋਈ ਚਾਮਲੀ ਹੋਈ ਉਸ ਦਾ ਕੁੜਤਾ ਮੰਜੇ ਦੀ ਚਾਦਰ ਨਾਲ਼ ਸਿਊਂ ਦੇਂਦੀ ਹੈ। ਇਉਂ ਹਾਸੇ ਠੱਠੇ ਦਾ ਮਾਹੌਲ ਸਿਰਜਿਆ ਜਾਂਦਾ ਹੈ। ਲਾੜੇ ਦੇ ਨਾਲ਼ ਆਏ ਇਕ ਦੋ ਮੁੰਡੇ ਤੇ ਸਰਬਾਲਾ ਉਸ ਨੂੰ ਸਾਲ਼ੀਆਂ ਦੀਆਂ ਖਰਮਸਤੀਆਂ ਤੋਂ ਬਚਾਉਣ ਦਾ ਯਤਨ ਕਰਦੇ ਹਨ ਤੇ ਉਸ ਨੂੰ ਸੁਚੇਤ ਕਰਦੇ ਰਹਿੰਦੇ ਹਨ। ਵਿਚਾਰਾ ਲਾੜਾ ਸਾਲ਼ੀਆਂ ਦੇ ਚੋਹਲਾਂ ਨਾਲ ਭਰ ਜਾਂਦਾ ਹੈ। ਚੁਸਤ ਤੇ ਬੁਧੀਮਾਨ ਲਾੜੇ ਇਸ ਅਵਸਰ ਲਈ ਪਹਿਲਾਂ ਹੀ ਤਿਆਰੀ ਕਰਕੇ ਆਉਂਦੇ ਹਨ । ਉਹ ਆਪਣੇ ਮਿੱਤਰਾਂ ਬੇਲੀਆਂ ਪਾਸੋਂ ਮਿੱਠੇ ਚੁਰਚਰੇ ਤੇ ਸਲੂਣੇ ਛੰਦ ਸੁਣ ਕੇ ਕੰਠ ਕਰ ਕਰ ਲੈਂਦੇ ਹਨ ਤਾਂ ਜੋ ਉਨ੍ਹਾਂ ਨੂੰ ਸਾਲੀਆਂ ਸਾਹਮਣੇ ਨਮੋਸ਼ੀ ਦਾ ਸ਼ਿਕਾਰ ਨਾ ਹੋਣਾ ਪਵੇ। ਉਹ ਚੋਂਦੇ-ਚੋਂਦੇ ਛੰਦ ਸੁਣਾ ਕੇ ਸਾਲੀਆਂ ਨੂੰ ਠਿੱਠ ਕਰ ਦੇਂਦੇ ਹਨ:
ਛੰਦ ਪਰਾਗੇ' ਸੁਣਨ ਸਮੇਂ ਸਾਰਾ ਮਾਹੌਲ ਖ਼ੁਸ਼ਗਵਾਰ ਹੋਇਆ ਹੁੰਦਾ ਹੈ ਲਾੜੇ ਦੇ ਪਹਿਲੀ ਵਾਰੀ ਸਹੁਰੇ ਘਰ ਆਉਣ ਕਾਰਨ ਸਾਲ਼ੀਆਂ ਉਸ ਨਾਲ ਹਾਸੇ ਮਖੌਲ ਵਾਲੀਆਂ ਗੱਲਾਂ ਕਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਨਾਲ ਖੁਲ੍ਹ ਜਾਵੇ ਤੇ ਸੰਗ ਸੰਕੋਚ ਲਹਿ ਜਾਵੇ। ਇਸ ਰਸਮ ਦਾ ਮੁੱਖ ਮੰਤਵ ਤਾਂ ਇਹ ਜਾਣਨਾ ਹੁੰਦਾ ਹੈ ਕਿ ਲਾੜਾ ਕਿਧਰੇ ਗੁੰਨ ਵੱਟਾ ਤਾਂ ਨਹੀਂ। ਇਸ ਲਈ ਉਸ ਦੀਆਂ ਸਾਲ਼ੀਆਂ ਉਹਦੀ ਅਕਲ ਅਤੇ ਹਾਜ਼ਰ ਜਵਾਬੀ ਪਰਖਣ ਲਈ ਉਸ ਨੂੰ ਛੰਦ ਸੁਣਾਉਣ ਲਈ ਆਖਦੀਆਂ ਹਨ। ਲਾੜਾ ਉਨ੍ਹਾਂ ਨਾਲ ਕਾਵਿ-ਸੰਵਾਦ ਰਚਾ ਕੇ ਆਪਣੀ ਵਿਦਵਤਾਂ ਅਤੇ ਹਾਜ਼ਰ ਜਵਾਬੀ ਦਾ ਪ੍ਰਗਟਾਵਾ ਕਰਦਾ ਹੈ।

ਮਹਿੰਦੀ ਸ਼ਗਨਾਂ ਦੀ/260