ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/259

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਲੀਆਂ ਦੰਦਾਂ ਵਿਚ ਚੁੰਨੀਆਂ ਲੈ ਕੇ ਹੱਸਦੀਆਂ ਹਨ। ਤੇ ਉਹ ਹੁਣ ਇਕ
ਜੇਤੂ ਦੇ ਰੂਪ ਵਿਚ ਆਪਣੇ ਬਾਪੂ ਵਲੋਂ ਦਿੱਤੀ ਨਸੀਹਤ ਬਾਰੇ ਛੰਦ ਸੁਣਾਉਂਦਾ ਹੈ:

ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਡੋਲਣਾ
ਬਾਪੂ ਜੀ ਨੇ ਆਖਿਆ ਸੀਗਾ
ਬਹੁਤਾ ਨਹੀਂ ਬੋਲਣਾ

ਇਸ ਦੇ ਨਾਲ ਹੀ ਉਹ ਆਪਣੇ ਵਲੋਂ ਸੁਣਾਏ ਚੁਰਚਰੇ ਛੰਦਾਂ ਬਦਲੇ
ਆਪਣੀਆਂ ਸਾਲੀਆਂ ਪਾਸੋਂ, ਭਲਾਮਾਣਸ ਲਾੜਾ ਬਣ ਕੇ, ਖ਼ਿਮਾ ਯਾਚਨਾ
ਕਰਦਾ ਹੈ:

ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਦਾਤ
ਵਧ ਘਟ ਬੋਲਿਆ ਦਿਲ ਨਾ ਲਾਉਣਾ
ਭੁਲ ਚੁੱਕ ਕਰਨੀ ਮਾਫ਼

ਛੰਦ ਸੁਣਨ ਉਪਰੰਤ ਲਾੜੇ ਪਾਸੋਂ ਬੁਝਾਰਤਾਂ ਬੁੱਝਣ ਲਈ ਬੁਝਾਰਤਾਂ
ਦਾ ਸੰਵਾਦ ਰਚਾਇਆ ਜਾਂਦਾ ਹੈ! ਕੋਈ ਆਪਣੇ ਆਪ ਨੂੰ ਬੁੱਧੀਮਾਨ ਅਖਵਾਉਣ
ਵਾਲ਼ੀ ਸਾਲ਼ੀ ਲਾੜੇ ਦੀ ਅਕਾਲ ਦੀ ਪਰਖ ਕਰਨ ਲਈ ਉਸ ਪਾਸੋ ਬੁਝਾਰਤ
ਪੁੱਛਦੀ ਹੈ:

ਨੌਂ ਕੂਏਂ ਦਸ ਪਾਰਸੇ
ਪਾਣੀ ਘੁੰਮਣ ਘੇਰ
ਜੇ ਤੂੰ ਐਡਾ ਚਤਰ ਐਂ
ਪਾਣੀ ਦਸਦੇ ਕਿੰਨੇ ਸੇਰ

ਚਤਰ ਲਾੜਾ ਝੱਟ ਬੁਝਾਰਤ ਬੁੱਝ ਕੇ ਉੱਤਰ ਮੋੜਦਾ ਹੈ:

ਨੌਂ ਕੂਏਂ ਦਸ ਪਾਰਸੇ
ਪਾਣੀ ਘੁੰਮਣ ਘੇਰ

ਮਹਿੰਦੀ ਸ਼ਗਨਾਂ ਦੀ/ 263