ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ਼ ਵਿਆਹ ਕਰਵਾਉਣ ਲਈ ਤਤਪਰ ਹੋ ਜਾਂਦਾ ਹੈ:

ਉੱਚਾ ਸੀ ਬੁਰਜ ਲਾਹੌਰ ਦਾ
ਵੇ ਬੋਪਾਂ ਪਾਣੀ ਨੂੰ ਗਈ ਆ
ਜਦ ਬੋਪਾਂ ਪਾਨੜਾ ਭਰ ਮੁੜੀ
ਰਣ ਸਿੰਘ ਪਲੜਾ ਚਕਿਆ ਵੇ
ਨਾ ਚੱਕੀਂ ਪਲੜਾ ਰਣ ਸਿਆਂ
ਬੋਪਾਂ ਜਾਤ ਕੁਜਾਤੇ

ਰਣ ਸਿੰਘ ਪੁੱਛਦਾ ਪਾਂਧੇ ਤੇ ਪੰਡਤਾਂ ਨੂੰ
ਵੇ ਬੋਪਾਂ ਕੀਹਦੀ ਐ ਜਾਈ
ਪਾਂਧੇ ਤੇ ਪੰਡਤ ਸੱਚ ਦੱਸਿਆ
ਵੇ ਬੋਪਾਂ ਰਾਜੇ ਦੀ ਜਾਈ
ਸਦਿਓ ਬਾਬਲ ਦੇ ਪਾਂਧੇ ਨੂੰ
ਵੇ ਮੇਰਾ ਸਾਹਾ ਸਧਾਇਓ ਵੇ
ਸਦਿਓ ਬਾਬਲ ਦੇ ਨਾਈ ਨੂੰ
ਵੇ ਮੇਰੀ ਚਿੱਠੀ ਤੁਰਾਇਓ ਵੇ
ਸਦਿਓ ਬਾਬਲ ਦੇ ਸੁਨਿਆਰੇ ਨੂੰ
ਵੇ ਮੇਰਾ ਗਹਿਣਾ ਘੜਾਇਓ ਵੇ
ਸਦਿਓ ਬਾਬਲ ਦੇ ਦਰਜੀ ਨੂੰ
ਮੇਰਾ ਸੂਟ ਸਮਾਇਓ ਵੇ
ਸਦਿਓ ਬਾਬਲ ਦੇ ਮੋਚੀ ਨੂੰ
ਮੇਰਾ ਜੋੜਾ ਸਮਾਇਓ ਵੇ

ਉਨ੍ਹਾਂ ਸਮਿਆਂ ਵਿਚ ਕੁੜੀਆਂ ਦੇ ਵਿਆਹ ਛੋਟੀ ਉਮਰ ਵਿਚ ਹੀ ਕਰ ਦੇਂਦੇ ਸਨ ਤੇ ਮੁਕਲਾਵੇ ਕੁੜੀ ਦੇ ਭਰ ਜੁਆਨ ਹੋਣ 'ਤੇ ਤੋਰੇ ਜਾਂਦੇ ਸਨ- ਆਰਥਿਕ ਮਜਬੂਰੀਆਂ ਕਾਰਨ ਆਪਣੀ ਧੀ ਦਾ ਮੁਕਲਾਵਾ ਤੋਰਨ ਵਿਚ ਮਾਪਿਆਂ ਵਲੋਂ ਬੇਲੋੜੀ ਦੇਰੀ ਹੋ ਜਾਂਦੀ ਸੀ ਜਿਸ ਕਾਰਨ ਉਸ ਦੇ ਚਾਅ ਅਧੂਰੇ ਰਹਿ ਜਾਂਦੇ ਸਨ। ਇਕ ਗੀਤ ਵਿਚ ਧੀ ਆਪਣੀ ਮਾਂ ਨੂੰ ਮੁਕਲਾਵਾ ਤੋਰਨ ਲਈ ਆਖਦੀ ਹੈ:

ਦੇ ਦੇ ਮਾਏਂ ਅੱਜ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ
ਦੇ ਦੇ ਮਾਏਂ ਅੱਜ ਮੁਕਲਾਵਾ ਨੀ

ਮਹਿੰਦੀ ਸ਼ਗਨਾਂ ਦੀ/ 30